ਨਿਸ਼ਾਨ-ਏ-ਸਿੱਖੀ ਦੇ ਵਿਦਿਆਰਥੀਆਂ ਨੇ ਕੀਤੀ ਯੂਜੀਸੀ ਦੀ ਪ੍ਰੀਖਿਆ ਪਾਸ
ਪੀਐੱਚਡੀ ਕਰਨ ਲਈ ਵਿਦਿਆਰਥੀ ਨੂੰ ਸਰਕਾਰ ਵੱਲੋਂ ਹਰ ਮਹੀਨੇ ਲਗਭਗ 50 ਹਜ਼ਾਰ ਰੁਪਏ ਵਜ਼ੀਫ਼ਾ ਦਿੱਤਾ ਜਾਂਦਾ ਹੈ ਤੇ ਇਹ ਵਜੀਫਾ ਵਿਦਿਆਰਥੀ ਨੂੰ ਪੰਜ ਸਾਲਾਂ ਤੱਕ ਮਿਲਦਾ ਰਹਿੰਦਾ ਹੈ।
Publish Date: Mon, 16 Mar 2026 04:42 PM (IST)
Updated Date: Tue, 17 Mar 2026 04:04 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਕਾਰ ਸੇਵਾ ਖਡੂਰ ਸਾਹਿਬ ਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਖਡੂਰ ਸਾਹਿਬ ਤੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਦੋ ਵਿਦਿਆਰਥੀਆਂ ਮਹਿਕਪ੍ਰੀਤ ਸਿੰਘ ਤੇ ਬਿਕਰਮਜੀਤ ਸਿੰਘ ਨੇ ਯੂਜੀਸੀ ਦੁਆਰਾ ਲਈ ਜਾਣ ਵਾਲੀ ਪ੍ਰੀਖਿਆ ਦੇ ਅੰਤਰਗਤ ਜੇਆਰਐੱਫ ਹਾਸਿਲ ਕੀਤੀ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਅਲੇਰੇ ਭਵਿੱਖ ਦੀ ਕਾਮਯਾਬੀ ਲਈ ਅਸ਼ੀਰਵਾਦ ਵੀ ਦਿੱਤਾ ਹੈ। ਇਹ ਪ੍ਰੀਖਿਆ ਪਾਸ ਕਰ ਕੇ ਵਿਦਿਆਰਥੀ ਕਿਸੇ ਵੀ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਪੜ੍ਹਾਈ ਕਰ ਸਕਦਾ ਹੈ। ਪੀਐੱਚਡੀ ਕਰਨ ਲਈ ਵਿਦਿਆਰਥੀ ਨੂੰ ਸਰਕਾਰ ਵੱਲੋਂ ਹਰ ਮਹੀਨੇ ਲਗਭਗ 50 ਹਜ਼ਾਰ ਰੁਪਏ ਵਜ਼ੀਫ਼ਾ ਦਿੱਤਾ ਜਾਂਦਾ ਹੈ ਤੇ ਇਹ ਵਜੀਫਾ ਵਿਦਿਆਰਥੀ ਨੂੰ ਪੰਜ ਸਾਲਾਂ ਤੱਕ ਮਿਲਦਾ ਰਹਿੰਦਾ ਹੈ। ਇਸ ਸੰਸਥਾ ਦਾ ਮਨੋਰਥ ਹੈ ਕਿ ਚੰਗੇ ਵਿਦਵਾਨ ਤੇ ਪ੍ਰਚਾਰਕ ਪੰਥ ਦੀ ਸੇਵਾ ਲਈ ਤਿਆਰ ਕੀਤੇ ਜਾਣ। ਇਸ ਮਨੋਰਥ ਦੀ ਪੂਰਤੀ ਲਈ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਕਾਰਜਸ਼ੀਲ ਹੈ। ਇਸ ਸੰਸਥਾ ’ਚ 12ਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਦਾ ਦਾਖਲਾ ਕੀਤਾ ਜਾਂਦਾ ਹੈ ਤੇ ਵਿਦਿਆਰਥੀ ਨੂੰ 5 ਸਾਲਾ ਗੁਰਮਤਿ ਡਿਪਲੋਮੇ ਦੇ ਨਾਲ-ਨਾਲ ਬੀਏ ਅਤੇ ਐੱਮਏ ਦੀ ਪੜ੍ਹਾਈ ਵੀ ਮੁਫ਼ਤ ਕਰਵਾਈ ਜਾਂਦੀ ਹੈ। ਵਿਦਿਆਰਥੀ ਦੀ ਪੜ੍ਹਾਈ ਲਈ ਕਿਤਾਬਾਂ, ਰਿਹਾਇਸ਼, ਖਾਣਾ ਆਦਿ ਸਭ ਦਾ ਪ੍ਰਬੰਧ ਸੰਸਥਾ ਵੱਲੋਂ ਮੁਫਤ ਕੀਤਾ ਜਾਂਦਾ ਹੈ। ਨਵੇਂ ਸੈਸ਼ਨ ਲਈ ਇਸ ਸੰਸਥਾ ’ਚ ਦਾਖ਼ਲੇ ਸ਼ੁਰੂ ਹਨ। ਸੋ ਚਾਹਵਾਨ ਵਿਦਿਆਰਥੀ ਆਪਣਾ ਦਾਖ਼ਲਾ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਕਰਵਾ ਸਕਦੇ ਹਨ। ਦਾਖ਼ਲੇ ਲਈ ਵਿਦਿਆਰਥੀ ਨਿਸ਼ਾਨ-ਏ-ਸਿੱਖੀ ਦੀ ਵੈਬਸਾਈਟ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ ਜਾਂ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵਿਖੇ ਪਹੁੰਚ ਕੇ ਦਾਖ਼ਲਾ ਫ਼ਾਰਮ ਭਰ ਸਕਦੇ ਹਨ।