ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਉਪ ਮੁੱਖ ਇੰਜੀਨੀਅਰ ਨਾਲ ਮੁਲਾਕਾਤ ਕੀਤੀ
ਜਥੇਬੰਦੀ ਦੇ ਵਫ਼ਦ ਨੇ ਬਕਾਇਆ ਬਿਜਲੀ ਬਿੱਲਾਂ ਦੀ ਉਗਰਾਹੀ ਸਬੰਧੀ ਫੀਲਡ ’ਚ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਅਧਿਕਾਰੀ ਨੂੰ ਜਾਣੂੰ ਕਰਵਾਇਆ।
Publish Date: Tue, 03 Mar 2026 05:21 PM (IST)
Updated Date: Wed, 04 Mar 2026 04:03 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਸਥਾਨਕ ਸਰਕਲ ਦੀ ਬੀਤੇ ਦਿਨੀਂ ਹੋਈ ਜਥੇਬੰਦਕ ਕਾਨਫਰੰਸ ’ਚ ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਦੇ ਵਫ਼ਦ ਨੇ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਮੋਹਤਮ ਸਿੰਘ ਨਾਲ ਮੁਲਾਕਾਤ ਕੀਤੀ। ਨਵੀਂ ਚੁਣੀ ਸਰਕਲ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਕੁਲਵਿੰਦਰ ਸਿੰਘ ਬਾਗੜੀਆ, ਸਕੱਤਰ ਪੂਰਨਦਾਸ ਅਤੇ ਖਜ਼ਾਨਚੀ ਲਖਵਿੰਦਰ ਸਿੰਘ ਬਹਿਲਾ ਸਮੇਤ ਬਾਕੀ ਚੁਣੇ ਹੋਏ ਅਹੁਦੇਦਾਰਾਂ ਮੇਜਰ ਸਿੰਘ ਨਾਗੋਕੇ, ਬਲਜੀਤ ਸਿੰਘ ਪੱਟੀ, ਬਲਜਿੰਦਰ ਸਿੰਘ ਪਲਾਸੌਰ, ਤਰਨਜੀਤ ਸਿੰਘ ਨਾਗੋਕੇ, ਲਵਜੋਤ ਸਿੰਘ ਖਹਿਰਾ, ਹਰਜੀਤ ਸਿੰਘ ਪੰਨੂੰ, ਬਚਿੱਤਰ ਸਿੰਘ ਖੇਲਾ ਆਦਿ ਦੀ ਅਧਿਕਾਰੀ ਨਾਲ ਜਾਣ-ਪਛਾਣ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਰਵਾਈ। ਵਫ਼ਦ ’ਚ ਸ਼ਾਮਲ ਜਥੇਬੰਦੀ ਦੀ ਨਵੀਂ ਚੁਣੀ ਲੀਡਰਸ਼ਿਪ ਨੂੰ ਉਪ ਮੁੱਖ ਇੰਜੀਨੀਅਰ ਨੇ ਵਧਾਈ ਦਿੰਦਿਆਂ ਭਰਵੇਂ ਸਹਿਯੋਗ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਵਫ਼ਦ ਨੇ ਬਕਾਇਆ ਬਿਜਲੀ ਬਿੱਲਾਂ ਦੀ ਉਗਰਾਹੀ ਸਬੰਧੀ ਫੀਲਡ ’ਚ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਅਧਿਕਾਰੀ ਨੂੰ ਜਾਣੂੰ ਕਰਵਾਇਆ।