- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੜਾਕੇ ਦੀ ਠੰਢ ਦੇ ਬਾਵਜੂਦ ਹਜਾਰਾਂ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰ ਕੇ ਮਨਾਇਆ ਨਵਾਂ ਸਾਲ

ਠੰਢ ’ਤੇ ਭਾਰੀ ਰਹੀ ਸ਼ਰਧਾ...
ਵੱਖ-ਵੱਖ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਲਗਾਈ ਛਹਿਬਰ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਬੁੱਧਵਾਰ ਦੀ ਰਾਤ ਕੜਾਕੇ ਠੰਢ ਦੇ ਬਾਵਜੂਦ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਹਜਾਰਾਂ ਦੀ ਗਿਣਤੀ ਵਿਚ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ੍ਰੀ ਹੇਮਕੁੰਟ ਸਾਹਿਬ ਕੀਰਤਨੀ ਸਭਾ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੀਵਾਨ ਹਾਲ ਵਿਖੇ ਕਰਵਾਏ ਗਏ ਇਸ ਸਮਾਗਮ ’ਚ ਵੱਖ ਵੱਖ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਂਹੀ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੀ ਸਮਾਪਤੀ ਸਮੇਂ ਸੰਗਤ ਨੇ ਜਿਥੇ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ। ਉਥੇ ਹੀ ਸ੍ਰੀ ਹੇਮਕੁੰਟ ਸਾਹਿਬ ਕੀਰਤਨੀ ਸਭਾ ਦੇ ਸੇਵਾਦਾਰਾਂ ਨੇ ਪਹੁੰਚੇ ਜਥਿਆਂ ਤੇ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਸ਼ਾਮ ਸਾਢੇ 6 ਤੋਂ ਰਾਤ ਸਾਢੇ 12 ਵਜੇ ਤਕ ਚੱਲੇ ਮਹਾਨ ਗੁਰਮਤਿ ਸਮਾਗਮ ਵਿਚ ਸ੍ਰੀ ਹੇਮਕੁੰਡ ਸਾਹਿਬ ਕੀਰਤਨੀ ਸਭਾ ਦਾ ਕੀਰਤਨੀ ਜਥਾ ਬੀਬੀਆਂ, ਭਾਈ ਦਲੀਪ ਸਿੰਘ ਤਰਨਤਾਰਨ, ਭਾਈ ਸੰਦੀਪ ਸਿੰਘ ਤਰਨਤਾਰਨ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ, ਬੀਬੀ ਸਹਿਜਪ੍ਰੀਤ ਕੌਰ, ਬੀਬੀ ਜਸਕਿਰਨ ਕੌਰ ਕੀਰਤਨੀ ਜਥਾ ਰਈਆ, ਭਾਈ ਅਮਨਦੀਪ ਸਿੰਘ ਪਟਿਆਲੇ ਵਾਲੇ ਅਤੇ ਗਿਆਨੀ ਸਤਵਿੰਦਰ ਸਿੰਘ ਸਿੱਧਮ ਕਥਾ ਵਾਚਕ ਤੋਂ ਇਲਾਵਾ ਭਾਈ ਰਣਦੀਪ ਸਿੰਘ ਕੰਗ, ਭਾਈ ਮਨਜੀਤ ਸਿੰਘ, ਭਾਈ ਕਰਨਜੀਤ ਸਿੰਘ, ਭਾਈ ਅਰਵਿੰਦਰ ਸਿੰਘ ਡੀਸੀ ’ਤੇ ਅਧਾਰਿਤ ਅੰਮ੍ਰਿਤ ਰਸ ਕੀਰਤਨ ਕੌਂਸਲ ਤਰਨਤਾਰਨ ਨੇ ਕੌਂਸਲ ਰੂਪ ’ਚ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਰਾਤ 12 ਵਜੇ ਨਵੇਂ ਸਾਲ ਦੀ ਆਮਦ ਹੁੰਦਿਆਂ ਹੀ ਸੰਗਤ ਨੇ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਸਮੁੱਚਾ ਦੀਵਾਨ ਹਾਲ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਝ ਉੱਠਿਆ। ਬੇਸ਼ੱਕ 31 ਦਸੰਬਰ ਦੀ ਰਾਤ ਭਾਰੀ ਠੰਢ ਅਤੇ ਬਰਸਾਤ ਰਹੀ ਪਰ ਸੰਗਤ ਪੂਰੀ ਸ਼ਰਧਾ ਭਾਵਨਾ ਨਾਲ ਮਹਾਨ ਗੁਰਮਤਿ ਸਮਾਗਮ ਵਿਚ ਜੁੜੀ ਰਹੀ।
ਦੇਰ ਰਾਤ ਸਮਾਗਮ ਦੀ ਸਮਾਪਤੀ ਸਮੇਂ ਹੈੱਡ ਗ੍ਰੰਥੀ ਗਿਆਨੀ ਸਤਪਾਲ ਸਿੰਘ ਹੋਰਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹੁਕਨਾਮੇ ਦੀ ਸੇਵਾ ਉਪਰੰਤ ਸੰਗਤ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਮਠਿਆਈਆਂ ਦੇ ਪ੍ਰਸ਼ਾਦ ਵਰਤਾਏ ਗਏ। ਇਸ ਸਮੇਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਭਾਈ ਹਰਜਿੰਦਰ ਸਿੰਘ ਪੱਟੀ ਤੇ ਹੋਰ ਸ਼ਖਸੀਅਤਾਂ ਜਿਥੇ ਮੌਜੂਦ ਰਹੀਆਂ। ਉਥੇ ਹੀ ਸ੍ਰੀ ਹੇਮਕੁੰਟ ਸਾਹਿਬ ਜੀ ਕੀਰਤਨੀ ਸਭਾ ਦੇ ਭਾਈ ਹਰਬਿੰਦਰ ਸਿੰਘ ਹਰੀ ਭਾਜੀ ਨੇ ਦੱਸਿਆ ਕਿ ਹਰ ਸਾਲ ਸਭਾ ਵੱਲੋਂ ਨਵੇਂ ਸਾਲ ਦੀ ਆਮਦ ਤੇ ਸਭਾ ਦਾ ਇਹ ਸਲਾਨਾ ਗੁਰਮਤਿ ਸਮਾਗਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 50 ਸਾਲ ਤੋਂ ਦੀਵਾਨ ਹਾਲ ਵਿਚ ਹੋ ਰਿਹਾ ਹੈ ਅਤੇ ਭਾਗਾਂ ਵਾਲੀ ਉਹ ਸੰਗਤ ਹੈ, ਜਿਸ ਨੇ ਗੁਰੂ ਚਰਨਾ ਵਿਚ ਜੁੜ ਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਭਾਈ ਹਰਬਿੰਦਰ ਸਿੰਘ ਤੋਂ ਇਲਾਵਾ ਭਾਈ ਰਜਿੰਦਰ ਸਿੰਘ ਬੇਦੀ ਸਮੇਤ ਹੋਰ ਸੇਵਾਦਾਰਾਂ ਨੇ ਸਮਾਗਮ ਵਿਚ ਪਹੁੰਚੀਆਂ ਸ਼ਖਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਬਾਕਸ
17 ਦਿਨ ਗੁਰੂਘਰ ਦੇ ਬਾਹਰ ਚੱਲੀ ਦੁੱਧ ਦੇ ਲੰਗਰ ਦੀ ਸੇਵਾ
15 ਦਸੰਬਰ ਤੋਂ ਆਰੰਭ ਹੋਏ ਸ਼ਹੀਦੀ ਪੰਦਰਵਾੜੇ ਦੇ ਮੱਦੇਨਜ਼ਰ ਉਸੇ ਦਿਨ ਤੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਬਾਹਰ ਜੋੜਾ ਘਰ ਦੇ ਕੋਲ ਗਰਮ ਦੁੱਧ ਦੇ ਲੰਗਰ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਜੋੜਾ ਘਰ ਸੇਵਕ ਜਥਾ ਅਤੇ ਹੋਰ ਸ਼ਰਧਾਲੂਆਂ ਵੱਲੋਂ ਆਰੰਭ ਕੀਤੀ ਗਈ ਸੀ। ਇਹ ਸੇਵਾ 17 ਦਿਨਾਂ ਤਕ ਜਾਰੀ ਰਹੀ। ਭਾਈ ਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਦੁੱਧ ਦੀ ਸੇਵਾ ਵਿਚ ਸ਼ਹਿਰ ਵਾਸੀ ਸੰਗਤ ਵੱਲੋਂ ਯੋਗਦਾਨ ਪਾਇਆ ਜਾਂਦਾ ਸੀ ਅਤੇ ਸ਼ਹੀਦੀ ਪੰਦਰਵਾੜੇ ’ਤੇ ਆਰੰਭ ਹੋਈ ਇਹ ਸੇਵਾ 31 ਦਸੰਬਰ ਦੀ ਰਾਤ ਤੱਕ ਜਾਰੀ ਰਹੀ ਹੈ। ਇਸ ਤੋਂ ਇਲਾਵਾ ਮੁੱਖ ਦਰਸ਼ਨੀ ਡਿਓਢੀ ਦੇ ਬਾਹਰ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਸ਼ਰਧਾਲੂਆਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਵੀ ਸੰਗਤ ਨੂੰ ਛਕਾਏ ਗਏ।
ਬਾਕਸ
ਇਕ ਜਨਵਰੀ ਨੂੰ ਲੱਖਾਂ ਸ਼ਰਧਾਲੂ ਪਹੁੰਚੇ ਗੁਰੂਘਰ
ਨਵੇਂ ਸਾਲ ਦੀ ਆਮਦ ’ਤੇ ਇਕ ਜਨਵਰੀ ਵੀਰਵਾਰ ਨੂੰ ਵੀ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਤਮਸਤਕ ਹੋਣ ਲਈ ਪੁੱਜੇ। ਸਵੇਰੇ ਤੜਕੇ ਤੋਂ ਸੰਗਤ ਦੀ ਆਮਦ ਗੁਰੂ ਘਰ ਵਿਚ ਆਰੰਭ ਹੋਈ ਅਤੇ ਦੇਰ ਰਾਤ ਤਕ ਸੰਗਤ ਨੇ ਗੁਰੂ ਘਰ ਵਿਚ ਹਾਜਰੀ ਭਰਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸੀਸ ਨਿਵਾਉਂਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ। ਸਾਰਾ ਦਿਨ ਹਜੂਰੀ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਂਹੀ ਸੰਗਤ ਨੂੰ ਨਿਹਾਲ ਕੀਤਾ। ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕੀਤਾ। ਜਦੋਂਕਿ ਲੰਗਰ ਹਾਲ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ।