ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ
ਇਲਾਹੀ ਬਾਣੀ ਦਾ ਕੀਰਤਨ ਤੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰ ਕੇ ਅਕਾਲ ਪੁਰਖ ਦੇ ਚਰਨਾਂ ’ਚ ਅਰਦਾਸ ਕਰ ਕੇ ਨਵੇ ਸੈਸ਼ਨ ਦੀ ਆਰੰਭਤਾ ਕੀਤੀ ਗਈ।
Publish Date: Wed, 01 Apr 2026 05:06 PM (IST)
Updated Date: Thu, 02 Apr 2026 04:04 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਇਕੱਤਰ ਹੋ ਕੇ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ’ਚ ਕੀਤੇ ਗਏ। ਉਪਰੰਤ ਇਲਾਹੀ ਬਾਣੀ ਦਾ ਕੀਰਤਨ ਤੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰ ਕੇ ਅਕਾਲ ਪੁਰਖ ਦੇ ਚਰਨਾਂ ’ਚ ਅਰਦਾਸ ਕਰ ਕੇ ਨਵੇ ਸੈਸ਼ਨ ਦੀ ਆਰੰਭਤਾ ਕੀਤੀ ਗਈ। ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਸ਼ਨ 2025-26 ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਅਕਾਦਮਿਕ ਸੈਸ਼ਨ ਦਾ ਨਤੀਜਾ ਵਧੀਆ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਨੇ ਨਵੇਂ ਸੈਸ਼ਨ 2026-27 ਲਈ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀ ਉਚੇਰੀ ਵਿੱਦਿਆ ਹਾਸਲ ਕਰ ਕੇ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਣ। ਉਸ ਤੋਂ ਬਾਅਦ ਸਾਰੀਆਂ ਕਲਾਸਾਂ ’ਚੋਂ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਦੇ ਸਕੱਤਰ ਜਸਵਿੰਦਰ ਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਸਿੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਰ ਸੇਵਾ ਬਾਬਾ ਬਲਦੇਵ ਸਿੰਘ, ਬਾਬਾ ਉੱਤਮ ਸਿੰਘ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਦੇ ਸਕੱਤਰ ਵਰਿਆਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਹੈੱਡ ਮਿਸਟ੍ਰੈਸ ਨਵਪ੍ਰੀਤ ਕੌਰ, ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।