ਮਿਲੇਨੀਅਮ ਵਰਲਡ ਸਕੂਲ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਧਿਆਤਮਿਕ ਰੰਗ ’ਚ
ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇ ਨਾਲ ਚੰਗੇ ਸੰਸਕਾਰਾਂ ਨਾਲ ਜੋੜਨਾ ਹੈ
Publish Date: Tue, 31 Mar 2026 05:56 PM (IST)
Updated Date: Wed, 01 Apr 2026 04:07 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਮਿਲੇਨੀਅਮ ਵਰਲਡ ਸਕੂਲ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਬਹੁਤ ਹੀ ਧਾਰਮਿਕ ਤੇ ਆਧਿਆਤਮਿਕ ਮਾਹੌਲ ’ਚ ਕੀਤੀ ਗਈ। ਇਸ ਮੌਕੇ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੱਡੀ ਸ਼ਰਧਾ ਨਾਲ ਭਾਗ ਲਿਆ। ਸਮਾਗਮ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਭਾਵਪੂਰਨ ਸ਼ਬਦ ਗਾਇਨ ਵੀ ਕੀਤਾ ਗਿਆ, ਜਿਸ ਨਾਲ ਪੂਰਾ ਮਾਹੌਲ ਭਗਤੀ ਰਸ ’ਚ ਰੰਗਿਆ ਗਿਆ। ਪਾਠ ਦੇ ਸਮਾਪਤ ਹੋਣ ਉਪਰੰਤ ਅਰਦਾਸ ਕੀਤੀ ਗਈ ਤੇ ਸਭ ਦੀ ਚੰਗੀ ਸਿਹਤ, ਖ਼ੁਸ਼ਹਾਲੀ ਤੇ ਤਰੱਕੀ ਲਈ ‘ਵਾਹਿਗੁਰੂ’ ਅੱਗੇ ਬੇਨਤੀ ਕੀਤੀ ਗਈ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗੀਰ ਸਿੰਘ, ਚੇਅਰਮੈਨ ਨਿਰਵੈਲ ਸਿੰਘ, ਡਾਇਰੈਕਟਰ ਗੁਰਜਿੰਦਰ ਸਿੰਘ ਤੇ ਕੁਲਬੀਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਬੱਚਿਆਂ ਨੂੰ ਮਿਹਨਤ, ਅਨੁਸ਼ਾਸਨ ਤੇ ਨੈਤਿਕ ਮੁੱਲਾਂ ਨੂੰ ਅਪਣਾਉਂਦੇ ਹੋਏ ਜੀਵਨ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇ ਨਾਲ ਚੰਗੇ ਸੰਸਕਾਰਾਂ ਨਾਲ ਜੋੜਨਾ ਹੈ, ਤਾਂ ਜੋ ਉਹ ਭਵਿੱਖ ’ਚ ਜ਼ਿੰਮੇਵਾਰ ਤੇ ਸਫਲ ਨਾਗਰਿਕ ਬਣ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਆਧੁਨਿਕ ਸਹੂਲਤਾਂ ਤੇ ਵੱਖ-ਵੱਖ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਬੱਚਿਆਂ ਦੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ।
ਸਮਾਗਮ ਦੇ ਅੰਤ ’ਚ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿੱਥੇ ਸਾਰੇ ਹਾਜ਼ਰੀਨਾਂ ਨੇ ਇਕੱਠੇ ਬੈਠ ਕੇ ਪ੍ਰਸ਼ਾਦ ਛਕਿਆ। ਇਸ ਪਵਿੱਤਰ ਤੇ ਸ਼ੁਭ ਸ਼ੁਰੂਆਤ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਉਤਸ਼ਾਹ, ਉਮੀਦਾਂ ਤੇ ਆਤਮਿਕ ਸ਼ਾਂਤੀ ਨਾਲ ਹੋਈ।