ਅੱਜ ਤੋਂ ਚੇਤ ਮਹੀਨੇ ਦੇ ਨਵਰਾਤਰੇ ਸ਼ੁਰੂ, ਤੋਤਾ ਗਿਰੀ ਮੰਦਰ ਪੱਟੀ ’ਚ ਦੁਰਗਾ ਸਪਤਸ਼ਤੀ ਪਾਠ ਦਾ ਆਗਾਜ਼
ਧਾਰਮਿਕ ਅਨੁਸ਼ਠਾਨ ਦੇ ਭੋਗ 26 ਮਾਰਚ ਨੂੰ ਸਵੇਰੇ 11 ਵਜੇ ਪਾਏ ਜਾਣਗੇ, ਜਿਸ ਤੋਂ ਬਾਅਦ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ।
Publish Date: Wed, 18 Mar 2026 04:21 PM (IST)
Updated Date: Thu, 19 Mar 2026 04:01 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਚੇਤ ਮਹੀਨੇ ਦੇ ਪਵਿੱਤਰ ਨਰਾਤਿਆਂ ਦੀ ਅੱਜ ਸ਼ੁਰੂਆਤ ਹੋ ਰਹੀ ਹੈ, ਜਿਸ ਸਬੰਧੀ ਸੰਤ ਰਾਮਾਨੰਦ ਮਹਾਰਾਜ ਨੇ ਦੱਸਿਆ ਕਿ ਸਨਾਤਨ ਧਰਮ ’ਚ ਨਰਾਤਿਆਂ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਪਵਿੱਤਰ ਮੌਕੇ ਸਥਾਨਕ ਤੋਤਾ ਗਿਰੀ ਮੰਦਰ, ਪੱਟੀ ਵਿਖੇ ਸ਼੍ਰੀ ਦੁਰਗਾ ਸਪਤਸ਼ਤੀ ਪਾਠ ਦੀ ਸ਼ੁਰੂਆਤ ਬੜੀ ਸ਼ਰਧਾ ਤੇ ਭਾਵਨਾ ਨਾਲ ਕੀਤੀ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਮਿਕ ਅਨੁਸ਼ਠਾਨ ਦੇ ਭੋਗ 26 ਮਾਰਚ ਨੂੰ ਸਵੇਰੇ 11 ਵਜੇ ਪਾਏ ਜਾਣਗੇ, ਜਿਸ ਤੋਂ ਬਾਅਦ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਖਿਆ ’ਚ ਪਹੁੰਚ ਕੇ ਮਾਂ ਦੁਰਗਾ ਦੀ ਕਿਰਪਾ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਨਰਾਤਿਆਂ ਦੌਰਾਨ ਭਗਤ ਆਪਣੇ ਘਰਾਂ ’ਚ ਕਲਸ਼ ਸਥਾਪਨਾ ਕਰਦੇ ਹਨ ਤੇ ਖੇਤਰੀ ਜੋਂ ਵੀ ਉਗਾਈ ਜਾਂਦੀ ਹੈ, ਜੋ ਨੌਂ ਦਿਨਾਂ ’ਚ ਹਰੀ-ਭਰੀ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਮਾਂ ਦੀ ਆਖੰਡ ਜੋਤ ਜਗਾਈ ਜਾਂਦੀ ਹੈ ਤੇ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਭਗਤੀ ਭਾਵਨਾ ਨਾਲ ਪੂਜਾ ਕੀਤੀ ਜਾਂਦੀ ਹੈ, ਜਿਨ੍ਹਾਂ ’ਚ ਮਾਂ ਸ਼ੈਲਪੁੱਤਰੀ, ਮਾਂ ਬ੍ਰਹਮਚਾਰਿਣੀ, ਮਾਂ ਚੰਦਰਘੰਟਾ, ਮਾਂ ਕੁਸ਼ਮਾਂਡਾ, ਮਾਂ ਸਕੰਦਮਾਤਾ, ਮਾਂ ਕਾਤਿਆਇਨੀ, ਮਾਂ ਕਾਲ ਰਾਤ੍ਰੀ, ਮਾਂ ਮਹਾਗੌਰੀ ਅਤੇ ਮਾਂ ਸਿੱਧਦਾਤਰੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਰਾਤਿਆਂ ਦੌਰਾਨ ਵਰਤ ਰੱਖਣ ਦੀ ਪ੍ਰਥਾ ਬਹੁਤ ਪ੍ਰਾਚੀਨ ਤੇ ਮਹੱਤਵਪੂਰਨ ਹੈ। ਭਗਤ ਫਲਾਹਾਰੀ ਭੋਜਨ ਜਿਵੇਂ ਸਾਬੂਦਾਨਾ ਖਿੱਚੜੀ, ਸਿੰਘਾੜੇ ਦਾ ਆਟਾ, ਅਰਬੀ, ਕੱਚੇ ਕੇਲੇ, ਦਹੀਂ, ਦੁੱਧ ਅਤੇ ਸਾਦੇ ਨਮਕ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਵਰਾਤੇ ਸ਼ਕਤੀ ਦੀ ਉਪਾਸਨਾ ਕਰਨ ਤੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੰਦੇ ਹਨ।
ਦਸਵੇਂ ਦਿਨ ਰਾਮ ਨਵਮੀ ਦੇ ਰੂਪ ’ਚ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ, ਜਿਸ ਦਿਨ ਭਗਤ ਆਪਣੇ ਵਰਤ ਖੋਲ੍ਹਦੇ ਹਨ ਤੇ ਭਗਵਾਨ ਰਾਮ ਅਤੇ ਮਾਤਾ ਸੀਤਾ ਦੀ ਪੂਜਾ ਕਰਦੇ ਹਨ। ਅੰਤ ’ਚ ਸੰਤ ਰਾਮਾਨੰਦ ਮਹਾਰਾਜ ਨੇ ਸਾਰੇ ਭਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਮੌਕੇ ’ਤੇ ਤੋਤਾ ਗਿਰੀ ਮੰਦਰ ਪੱਟੀ ਵਿਖੇ ਹੋ ਰਹੇ ਦੁਰਗਾ ਸਪਤਸ਼ਤੀ ਪਾਠ ’ਚ ਸ਼ਿਰਕਤ ਕਰਕੇ ਆਪਣਾ ਜੀਵਨ ਧਨ ਬਣਾਉਣ।