ਸਰਹੱਦੀ ਕਿਸਾਨਾਂ ਦੀ ਆਵਾਜ਼ ਗ੍ਰਹਿ ਮੰਤਰੀ ਅੱਗੇ ਰੱਖਣ ‘ਤੇ ਵਿਧਾਇਕ ਧੁੰਨ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ
ਹਲਕਾ ਖੇਮਕਰਨ ਤੋਂ ਵਿਧਾਇਕ ਧੁੰਨ ਵੱਲੋਂ ਭਗਵੰਤ ਸਿੰਘ ਮਾਨ ਦਾ ਪੰਜਾਬ ’ਚ ਬਾਰਡਰ ਕੰਢੇ ਵੱਸਦੇ ਲੱਖਾਂ ਏਕੜ ਜ਼ਮੀਨ ਦੇ ਮਾਲਕ ਇਨ੍ਹਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਧੰਨਵਾਦ ਕੀਤਾ ਗਿਆ।
Publish Date: Sun, 18 Jan 2026 05:17 PM (IST)
Updated Date: Mon, 19 Jan 2026 04:06 AM (IST)

ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਦਿੱਤੇ ਗਏ ਮੰਗ ਪੱਤਰ ਨਾਲ ਇਕ ਨਵੀਂ ਆਸ ਬੱਝਦੀ ਹੋਈ ਦਿਖਾਈ ਦੇ ਰਹੀ ਹੈ। ਇਸ ਮੌਕੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਬਾਰਡਰ ਨਾਲ ਲੱਗਦਾ ਹੋਣ ਕਾਰਨ ਪਿਛਲੀਆਂ ਸਰਕਾਰਾਂ ਵੱਲੋਂ ਕੰਡਿਆਲੀ ਤਾਰ ਪੰਜਾਬ ਦੇ ਵੱਸਦੇ ਪਿੰਡਾਂ ਦੀਆਂ ਲੱਗਦੀਆਂ ਹੋਈਆਂ ਹਜ਼ਾਰਾਂ ਏਕੜ ਜ਼ਮੀਨਾਂ ਉਪਰੋਂ ਲੰਘਾ ਦਿੱਤੀ ਗਈ ਸੀ। ਜਿਸ ਦੇ ਸਿੱਟੇ ਵਜੋਂ ਕੀਤੀ ਗਈ ਇਸ ਹੱਦਬੰਦੀ ਨਾਲ ਬਾਰਡਰ ਕੰਢੇ ਵੱਸਦੇ ਪਿੰਡਾਂ ਵਿਚਲੀਆਂ ਜ਼ਿਆਦਾ ਵਾਹੀਯੋਗ ਜ਼ਮੀਨ ਤਾਰਾਂ ਤੋਂ ਅਗਲੇ ਪਾਸੇ ਚਲੀ ਗਈ ਸੀ। ਜਿਸ ਦਾ ਸਿੱਧਾ ਅਸਰ ਇਨ੍ਹਾਂ ਪਿੰਡਾਂ ’ਚ ਵੱਸਦੇ ਆਮ ਕਿਸਾਨਾਂ ਨੂੰ ਆਪਣੀਆਂ ਵਾਹੀਯੋਗ ਜ਼ਮੀਨ ’ਤੇ ਖੇਤੀ ਕਰਨ ਲਈ ਆਪਣੀ ਹੀ ਜ਼ਮੀਨ ਸਬੰਧਿਤ ਬਾਰਡਰ ਸਕਿਓਰਿਟੀ ਫੋਰਸ ਆਦਿ ਅੱਗੇ ਤਰਲੇ ਕੱਢਣੇ ਪੈਂਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨਾਲ ਲੱਗਦੀ ਪਾਕਿਸਤਾਨ, ਹਿੰਦੁਸਤਾਨ ਹੱਦ ’ਤੇ ਨਵੇਂ ਸਿਰਿਓਂ ਤਾਰਾਂ ਨੂੰ ਦੁਬਾਰਾ ਮੇਨ ਹੱਦ ’ਤੇ ਲਗਾਉਣ ਨਾਲ ਪਹਿਲਾਂ ਤੋਂ ਤਾਰਾਂ ਅਗਲੇ ਪਾਸੇ ਗਈ ਕਿਸਾਨਾਂ ਦੀ ਹਜ਼ਾਰਾਂ, ਲੱਖਾਂ ਏਕੜ ਜ਼ਮੀਨ ਫਿਰ ਤੋਂ ਆਬਾਦ ਹੋ ਸਕੇਗੀ। ਇਸ ਦੇ ਸਿੱਟੇ ਵਜੋਂ ਕਿਸਾਨ ਵੀਰ ਇਸ ਜ਼ਮੀਨ ਉੱਤੇ ਬੇਝਿਜਕ ਖੇਤੀਬਾੜੀ ਕਰ ਸਕਣਗੇ। ਇਸ ਮੌਕੇ ਹਲਕਾ ਖੇਮਕਰਨ ਤੋਂ ਵਿਧਾਇਕ ਧੁੰਨ ਵੱਲੋਂ ਭਗਵੰਤ ਸਿੰਘ ਮਾਨ ਦਾ ਪੰਜਾਬ ’ਚ ਬਾਰਡਰ ਕੰਢੇ ਵੱਸਦੇ ਲੱਖਾਂ ਏਕੜ ਜ਼ਮੀਨ ਦੇ ਮਾਲਕ ਇਨ੍ਹਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਧੁੰਨ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਇਸ ਨਾਲ ਤਾਰਾਂ ਤੋਂ ਅਗਲੇ ਪਾਸੇ ਪੰਜਾਬ ਦੇ ਕਿਸਾਨ ਭਰਾਵਾਂ ਦੀ ਲਗਭਗ ਬੰਜਰ ਹੋਈ ਜ਼ਮੀਨ ਦਾ ਜਿੱਥੇ ਰੇਟ ’ਚ ਭਾਰੀ ਵਾਧਾ ਹੋਵੇਗਾ, ਉੱਥੇ ਹੀ ਆਪਣੀ ਇਸ ਜ਼ਮੀਨ ’ਤੇ ਸਮੇਂ ਅਨੁਸਾਰ ਢੁੱਕਵੀਂ ਫ਼ਸਲ ਦੀ ਖੇਤੀ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਨੂੰ ਇਕ ਚੰਗਾ ਜੀਵਨ ਬਤੀਤ ਕਰਨ ਲਈ ਉਨ੍ਹਾਂ ਨੂੰ ਢੁਕਵਾਂ ਮੌਕਾ ਮਿਲੇਗਾ।