ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਚ ਲੋਕ ਮਿਲਣੀ, ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ
ਆਮ ਆਦਮੀ ਪਾਰਟੀ ਸਰਕਾਰ ਦੀ ਦੂਰਦਰਸ਼ੀ ਸੋਚ ਅਧੀਨ “ਸਰਕਾਰ ਤੁਹਾਡੇ ਦੁਆਰ” ਵਰਗੀਆਂ ਕਈ ਲੋਕ-ਹਿਤੈਸ਼ੀ ਪਹਿਲ ਕਦਮੀਆਂ ਲਾਗੂ ਕੀਤੀਆਂ ਗਈਆਂ ਹਨ।
Publish Date: Tue, 20 Jan 2026 05:28 PM (IST)
Updated Date: Wed, 21 Jan 2026 04:07 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੰਜਾਬ ਦੇ ਟਰਾਂਸਪੋਰਟ ਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੱਟੀ ਸਥਿਤ ਆਪਣੇ ਕੈਂਪ ਦਫ਼ਤਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ। ਇਸ ਦਾ ਉਦੇਸ਼ ਪੱਟੀ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦੇ ਮੁੱਦਿਆਂ ਦਾ ਨਿਪਟਾਰਾ ਕਰਨਾ ਸੀ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਤੋਂ ਆਏ ਲੋਕਾਂ ਨੇ ਕੈਬਨਿਟ ਮੰਤਰੀ ਨਾਲ ਸਿੱਧੀ ਮੁਲਾਕਾਤ ਕਰ ਕੇ ਸਿਹਤ ਸੇਵਾਵਾਂ, ਹੜ੍ਹ ਪ੍ਰਭਾਵਿਤ ਇਲਾਕਿਆਂ, ਡੇਰੇਨਜ਼, ਸਟ੍ਰੀਟ ਲਾਈਟਾਂ, ਪਾਣੀ ਸਪਲਾਈ, ਬਿਜਲੀ ਸਪਲਾਈ, ਸੜਕਾਂ, ਰੈਵਨਿਊ ਮਾਮਲਿਆਂ, ਸਮਾਜਿਕ ਭਲਾਈ ਸਕੀਮਾਂ ਤੇ ਹੋਰ ਨਾਗਰਿਕ ਮੁੱਦਿਆਂ ਸਬੰਧੀ ਆਪਣੀਆਂ ਸਮੱਸਿਆਵਾਂ ਰੱਖੀਆਂ। ਇਸ ਮੌਕੇ ਮੰਤਰੀ ਭੁੱਲਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਨਿਰੰਤਰ ਜਨ ਸੰਪਰਕ ਪ੍ਰੋਗਰਾਮ ਕਰ ਰਹੇ ਹਨ, ਜਿਸ ਨੂੰ ਲੋਕਾਂ ਵੱਲੋਂ ਬੇਹੱਦ ਚੰਗਾ ਹੁੰਗਾਰਾ ਮਿਲਿਆ ਹੈ। ਆਮ ਆਦਮੀ ਪਾਰਟੀ ਸਰਕਾਰ ਦੀ ਦੂਰਦਰਸ਼ੀ ਸੋਚ ਅਧੀਨ “ਸਰਕਾਰ ਤੁਹਾਡੇ ਦੁਆਰ” ਵਰਗੀਆਂ ਕਈ ਲੋਕ-ਹਿਤੈਸ਼ੀ ਪਹਿਲ ਕਦਮੀਆਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਪਹਿਲ ਕਦਮੀਆਂ ਰਾਹੀਂ ਉਹ ਖੁਦ ਹਲਕੇ ਦੇ ਸੈਂਕੜੇ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ, ਤਾਂ ਜੋ ਵਸਨੀਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਕਾਤਾਂ ਨਾਲ ਸਰਕਾਰ ਨੂੰ ਜ਼ਮੀਨੀ ਪੱਧਰ ਦੇ ਮੁੱਦਿਆਂ ਦੀ ਸਮਝ ਬਣੀ ਹੈ ਤੇ ਵਿਕਾਸ ਲਈ ਤਰਜੀਹਾਂ ਨਿਰਧਾਰਤ ਕਰਨ ’ਚ ਮੱਦਦ ਮਿਲੀ ਹੈ। ਇਸ ਦੇ ਨਾਲ ਹੀ ਕਈ ਵਾਰ ਲੋਕਾਂ ਦੇ ਨਿੱਜੀ ਝਗੜੇ ਸੁਲਝਾਉਣ ਦਾ ਸਬੱਬ ਵੀ ਇਹ ਲੋਕ ਮਿਲਣੀ ਬਣ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕ ਮਿਲਣੀ ਦੇ ਇਹ ਪ੍ਰੋਗਰਾਮ ਖ਼ਾਸ ਕਰ ਕੇ ਮਜ਼ਦੂਰ ਵਰਗ, ਵੱਡੀ ਉਮਰ ਦੇ ਨਾਗਰਿਕਾਂ ਲਈ ਬਹੁਤ ਲਾਭਕਾਰੀ ਹਨ, ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਂਦੇ। ਇਸ ਦੀ ਬਜਾਏ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਪ੍ਰਤੀਨਿਧੀ ਨਾਲ ਸਿੱਧੀ ਮੁਲਾਕਾਤ ਕਰ ਕੇ ਤੁਰੰਤ ਹੱਲ ਪ੍ਰਾਪਤ ਕਰਨ ਲਈ ਇਕ ਮੰਚ ਮਿਲਦਾ ਹੈ। ਇਹ ਜਨਤਕ ਮਿਲਣੀਆਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਿਸ ਨਾਲ ਲੋਕ ਬਿਨਾਂ ਕਿਸੇ ਰੁਕਾਵਟ ਦੇ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਸਕਾਰਾਤਮਕ ਫੀਡਬੈਕ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਪਹਿਲ ਕਦਮੀਆਂ ਨਾਲ ਸ਼ਾਸਨ ’ਚ ਪਾਰਦਰਸ਼ਤਾ, ਭਰੋਸਾ ਤੇ ਪਹੁੰਚ ਹੋਰ ਮਜ਼ਬੂਤ ਹੋਈ ਹੈ। “ਸਾਡਾ ਮਕਸਦ ਸਰਕਾਰ ਨੂੰ ਲੋਕਾਂ ਤੱਕ ਲਿਜਾਣਾ, ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਯਕੀਨੀ ਬਣਾਉਣਾ ਤੇ ਇਹ ਯਕੀਨ ਬਣਾਉਣਾ ਹੈ ਕਿ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਨਾਗਰਿਕ ਤੱਕ ਪਹੁੰਚੇ।