ਸਕੂਲ ਆਫ ਐਮੀਨੈਂਸ ਤਰਨਤਾਰਨ ’ਚ ਮੈਗਾ ਪੀਟੀਐੱਮ ਆਯੋਜਿਤ
ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਵਦੀਪ ਸਿੰਘ ਪੰਨੂ ਤੇ ਗੁਰਵਿੰਦਰ ਸਿੰਘ ਪਲਾਸੌਰ ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ
Publish Date: Mon, 30 Mar 2026 04:29 PM (IST)
Updated Date: Tue, 31 Mar 2026 04:04 AM (IST)

ਸਕੂਲ ਆਫ ਐਮੀਨੈਂਸ ਤਰਨਤਾਰਨ ’ਚ ਮੈਗਾ ਪੀਟੀਐੱਮ ਪ੍ਰੋਮਿਲਾ ਸਕਾਲਰਸ਼ਿਪ ਕਮੇਟੀ ਤਰਫੋਂ ਅਵਲ ਆਉਣ ਵਾਲੇ ਵਿਦਿਆਰਥੀ ਸਨਮਾਨਿਤ ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸਕੂਲ ਆਫ ਐਮੀਨੈਂਸ ਤਰਨਤਾਰਨ ਵਿਖੇ ਮੈਗਾ ਪੀਟੀਐੱਮ ਕਰਵਾਈ ਗਈ। ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸਕੂਲ ’ਚ ਨਾਨ-ਬੋਰਡ ਜਮਾਤਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ, ਜਿਸ ਦਾ ਸਿਹਰਾ ਮਿਹਨਤੀ ਅਧਿਆਪਕਾਂ ਦੇ ਸਿਰ ਸਜਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਸਕੂਲ ’ਚ ਦਾਖ਼ਲਾ ਪ੍ਰਕਿਰਿਆ ਬਾਰੇ ਚਰਚਾ ਕੀਤੀ ਗਈ, ਲੜਕੀਆਂ ਲਈ ਐੱਚਪੀਵੀ ਟੀਕਾਕਰਨ ਸਬੰਧੀ ਜਾਣਕਾਰੀ ਦਿੱਤੀ ਗਈ, ਨਵੇਂ ਸੈਸ਼ਨ ਤੋਂ ਐੱਸਐੱਮਐੱਸ ਰਾਹੀਂ ਵਿਦਿਆਰਥੀਆਂ ਦੀ ਹਾਜ਼ਰੀ ਮਾਤਾ-ਪਿਤਾ ਨੂੰ ਸਿੱਧੇ ਤੌਰ ’ਤੇ ਪਹੁੰਚਣ ਸਬੰਧੀ ਦੱਸਿਆ ਗਿਆ ਤੇ ਜਮਾਤ ਨੌਵੀਂ ਤੋਂ ਬਾਰਵੀਂ ਤਕ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਰੀਡ-ਟੂ-ਮੀ ਐੱਪ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਵਦੀਪ ਸਿੰਘ ਪੰਨੂ ਤੇ ਗੁਰਵਿੰਦਰ ਸਿੰਘ ਪਲਾਸੌਰ ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਹੋਰ ਵੀ ਪੜ੍ਹਾਈ ’ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਨਤੀਜਾ ਐਲਾਨਣ ਦੀ ਜ਼ਿੰਮੇਵਾਰੀ ਸਟਾਫ਼ ਸੈਕਟਰੀ ਬੀਰਇੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਦੇਵਰਾਜ ਕਾਲੀਆ, ਕਲਾ ਸੁਮਨ ਮੰਚ ਦੇ ਡਾਇਰੈਕਟਰ ਰਮੇਸ਼ ਚੰਦੇਲ, ਦੂਰਦਰਸ਼ਨ ਦੇ ਸੇਵਾ ਮੁਕਤ ਡਾਇਰੈਕਟਰ ਓਮ ਦੱਤ ਸ਼ਰਮਾ, ਇਸਰੋ ਦੇ ਵਿਗਿਆਨੀ ਅਰਵਿੰਦ ਸੂਦ ਤੇ ਉਨ੍ਹਾਂ ਦੇ ਪਤਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੁੱਖ ਮਹਿਮਾਨਾਂ ਵੱਲੋਂ ਬਣਾਈ ਗਈ ਪ੍ਰੋਮਿਲਾ ਸਕਾਲਰਸ਼ਿਪ ਕਮੇਟੀ ਵੱਲੋਂ ਵੱਖ-ਵੱਖ ਕਲਾਸਾਂ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਕੂਲ ’ਚ ਛੇਵੀਂ ਤੋਂ ਬਾਰਵੀਂ ਤਕ ਦੇ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਮੁਹੱਈਆ ਕਰਵਾਈਆ ਜਾਂਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ ਤੇ ਕਮਰਸ, ਵੋਕੇਸ਼ਨਲ, ਆਰਟਸ, ਸਾਇੰਸ ਸਾਰੀਆਂ ਸਟ੍ਰੀਮ ਚੱਲ ਰਹੀਆਂ ਹਨ। ਇਹ ਸਕੂਲ ਦੇ ਸਾਇੰਸ ਸਟਰੀਮ ਨਾਲ ਸਬੰਧਤ ਵਿਦਿਆਰਥੀ ਜੇਈਈ ਤੇ ਨੀਟ ਦੇ ਪੇਪਰਾਂ ’ਚ ਵੀ ਮੱਲਾਂ ਮਾਰ ਚੁੱਕੇ ਹਨ ਤੇ ਹਰ ਸਾਲ ਬੋਰਡ ਜਮਾਤਾਂ ਦਾ ਨਤੀਜਾ ਵੀ 100 ਫ਼ੀਸਦੀ ਰਹਿੰਦਾ ਹੈ। ਇਹ ਸਕੂਲ ਤਕਰੀਬਨ ਪਿਛਲੇ 100 ਸਾਲ ਤੋਂ ਇਸ ਇਲਾਕੇ ’ਚ ਮੋਹਰੀ ਸਾਬਤ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ’ਚ ਵੀ ਇਸ ਪ੍ਰਥਾ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਤੇਜਪਾਲ ਸਿੰਘ, ਸੁਰਿੰਦਰ ਨਾਥ, ਲਖਬੀਰ ਸਿੰਘ, ਸੰਜੀਵ ਕੁਮਾਰ, ਸੁਵਿੰਦਰ ਸਿੰਘ ਸੰਧੂ, ਜਗਜੀਵਨ ਖੰਨਾ, ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਨਦੀਪ ਸਿੰਘ, ਅਮਰਦੀਪ ਸ਼ਰਮਾ, ਜੁਨੇਸ਼ ਗੁਪਤਾ, ਤਰਸੇਮ ਸਿੰਘ, ਅੰਜੂ ਬਾਲਾ, ਗੁਰਮੀਤ ਕੌਰ, ਮਨਜਿੰਦਰ ਕੌਰ, ਜੈਸਮੀਨ ਕੌਰ, ਸਿਮਰਨਜੀਤ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ ਆਦਿ ਮੌਜੂਦ ਸਨ।