ਮਾਸਟਰ ਕੇਡਰ ਯੂਨੀਅਨ ਨੇ ਵਿੱਤੀ ਮੰਗਾਂ ‘ਤੇ ਸੰਘਰਸ਼ ਕਰਨ ਦਾ ਕੀਤਾ ਫੈਸਲਾ
ਮਾਸਟਰ ਕੇਡਰ ਯੂਨੀਅਨ ਵੱਲੋਂ ਜਲਦੀ ਹੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ।
Publish Date: Tue, 20 Jan 2026 05:07 PM (IST)
Updated Date: Wed, 21 Jan 2026 04:04 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਹਰਭਜਨ ਸਿੰਘ ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ, ਜੁਆਇੰਟ ਸਕੱਤਰ ਦਲਜੀਤ ਸਿੰਘ ਸੱਭਰਵਾਲ, ਸਕੱਤਰ ਜਨਰਲ ਅਰਜਿੰਦਰ ਕਲੇਰ, ਉਪ ਪ੍ਰਧਾਨ ਜਗਜੀਤ ਸਿੰਘ, ਵਿੱਤ ਸਕੱਤਰ ਰਮਨ ਕੁਮਾਰ, ਸੀਨੀਅਰ ਆਗੂ ਹਰਮਿੰਦਰ ਸਿੰਘ ਉਪਲ, ਮਨਜਿੰਦਰ ਸਿੰਘ ਤਰਨਤਾਰਨ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨਾਲ ਆਰਥਿਕ ਮੁੱਦਿਆਂ ’ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਮਾਸਟਰ ਕੇਡਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ, ਹਰਬੰਸ ਲਾਲ, ਬਲਜਿੰਦਰ ਸਿੰਘ ਸ਼ਾਂਤਪੁਰੀ ਜਥੇਬੰਦਕ, ਸਕੱਤਰ ਹਰਸੇਵਕ ਸਿੰਘ, ਜੁਆਇੰਟ ਵਿੱਤ ਸਕੱਤਰ ਸੁਖਰਾਜ ਸਿੰਘ ਬੁੱਟਰ ਨੇ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ 2025 ਦੌਰਾਨ ਲੁਧਿਆਣੇ ਦੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਜੂਨ ਮਹੀਨੇ ’ਚ ਅਤੇ 26 ਅਕਤੂਬਰ ਨੂੰ ਮਹਾ ਰੋਸ ਰੈਲੀ ਤਰਨਤਾਰਨ ਵਿਖੇ ਕੀਤੀ ਗਈ ਸੀ। ਉਸ ਤੋਂ ਬਾਅਦ 29 ਅਕਤੂਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਿੱਤੀ ਮੰਗਾਂ ਜਿਵੇਂ ਡੀਏ ਦੀਆਂ ਬਕਾਇਆ ਕਿਸ਼ਤਾਂ ਦੇਣ ਸਬੰਧੀ, ਪੇਂਡੂ ਭੱਤਾ ਬਾਰਡਰ ਅਨਾਉਂਸ ਬਹਾਲ ਕਰਾਉਣ ਸਬੰਧੀ, ਏਸੀਪੀ ਜਾਰੀ ਕਰਨ ਸਬੰਧੀ ਤੇ ਪੁਰਾਣੇ ਪੈਨਸ਼ਨ ਬਹਾਲੀ ਸਬੰਧੀ ਅਹਿਮ ਮੀਟਿੰਗ ਕੀਤੀ ਗਈ ਸੀ। ਜਿਸ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਨ੍ਹਾਂ ਮੰਗਾਂ ਨੂੰ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਲੇਕਿਨ ਕਾਫੀ ਸਮਾਂ ਬੀਤ ਜਾਣ ’ਤੇ ਵੀ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਹੱਲ ਨਹੀਂ ਕੀਤਾ ਗਿਆ ਤੇ ਸਰਕਾਰੀ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ। ਜਿਸ ਦੇ ਵਿਰੋਧ ’ਚ ਮਾਸਟਰ ਕੇਡਰ ਯੂਨੀਅਨ ਵੱਲੋਂ ਜਲਦੀ ਹੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਰਾਜਪਾਲ ਸਿੰਘ ਮੀਡੀਆ ਕੋਆਡੀਨੇਟਰ, ਸੁਖਦੇਵ ਰਾਜ ਪੱਟੀ ਜ਼ਿਲ੍ਹਾ ਜਨਰਲ ਸਕੱਤਰ, ਜੁਗਰਾਜ ਸਿੰਘ ਵਿੱਤ ਸਕੱਤਰ, ਪਰਮਿੰਦਰ ਸਿੰਘ ਸਟੇਟ ਕਮੇਟੀ ਮੈਂਬਰ, ਪ੍ਰਸ਼ੋਤਮ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਹੋਏ l