- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤੰਗਬਾਜ਼ੀ ਲਈ ਬੱਚਿਆਂ ਵਿਚ ਵੀ ਭਾਰੀ ਉਤਸ਼ਾਹ ਦਿਖਾਈ ਦਿੱਤਾ ਅਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਨੇ ਪਤੰਗਬਾਜ਼ੀ ਕਰਕੇ ਲੋਹੜੀ ਵਾਲੇ ਦਿਨ ਪਤੰਗ ਉਡਾਉਣ ਦੇ ਰਹਿ ਗਏ ਚਾਵਾਂ ਨੂੰ ਪੂਰਾ ਕੀਤਾ।

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮਾਘੀ ਦਾ ਦਿਹਾੜਾ ਬੁੱਧਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਗੁਰੂ ਘਰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ। ਸੰਗਤ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥਖ ਸਾਹਿਬ ਜੀ ਦੀ ਹਜੂਰੀ ਵਿਚ ਸੀਸ ਨਿਵਾਂ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਜਦੋਂਕਿ ਸਾਰਾ ਦਿਨ ਹਜੂਰੀ ਰਾਗੀ ਜਥਿਆਂ ਨੇ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਸਵੇਰੇ ਪਈ ਸੰਘਣੀ ਧੁੰਦ ਅਤੇ ਸਾਰਾ ਦਿਨ ਰਹੀ ਕੜਾਕੇ ਦੀ ਠੰਢ ਦੇ ਬਾਵਜੂਦ ਸਵੇਰੇ ਤੜਕੇ ਤੋਂ ਹੀ ਸ਼ਰਧਾਲੂਆਂ ਦੀ ਆਮਦ ਸ੍ਰੀ ਦਰਬਾਰ ਸਾਹਿਬ ਵਿਖੇ ਆਰੰਭ ਹੋ ਗਈ। ਹਾਲਾਂਕਿ ਦਿਨ ਅੱਧ ਤੱਕ ਪਹੁੰਚਦਿਆਂ ਕੁਝ ਸਮੇਂ ਹਲਕੀ ਧੁੱਪ ਦੇ ਨਿੱਘ ਨੇ ਸੰਗਤ ਦਾ ਸਵਾਗਤ ਕੀਤਾ। ਦੂਰ ਦਰਾਡੇ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਪਹੁੰਚੀ ਸੰਗਤ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕੀਤਾ। ਜਦੋਂਕਿ ਗੁਰੂ ਸਾਹਿਬ ਦੀ ਹਜੂਰੀ ਵਿਚ ਨਤਮਸਤਕ ਹੋ ਕੇ ਅਰਦਾਸ ਬੇਨਤੀ ਕੀਤੀ ਗਈ। ਲੰਗਰ ਹਾਲ ਵਿਚ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਜਦੋਂਕਿ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਵੀ ਸ਼ਰਧਾਲੂਆਂ ਨੇ ਬਾਹਰੋਂ ਆਉਣ ਵਾਲੀ ਸੰਗਤ ਦੀ ਟਹਿਲ ਸੇਵਾ ਲਈ ਚਾਹ ਅਤੇ ਹੋਰ ਪਕਵਾਨਾਂ ਦੇ ਲੰਗਰ ਲਗਾਏ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਸੰਗਤ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਵੱਲੋਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਜਦੋਂਕਿ ਸਮੁੱਚੇ ਸਟਾਫ ਨੇ ਜਿਥੇ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਕਿਹਾ । ਉਥੇ ਨਾਲ ਹੀ ਸਟਾਫ ਨੇ ਤਨਦੇਹੀ ਨਾਲ ਡਿਊਟੀਆਂ ਵੀ ਨਿਭਾਈਆਂ।