ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਪੱਟੀ ’ਚ ਮਾਘੀ ਦਾ ਦਿਹਾੜਾ ਮਨਾਇਆ
ਗਿਆਨੀ ਜਗਬੀਰ ਸਿੰਘ ਵਲੋਂ 40 ਮੁਕਤਿਆਂ ਦੇ ਇਤਿਹਾਸ ’ਤੇ ਸੰਗਤਾਂ ਨਾਲ ਸ਼ਬਦਾਂ ਦੀ ਸਾਂਝ ਪਾਈ ਅਤੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।
Publish Date: Wed, 14 Jan 2026 07:40 PM (IST)
Updated Date: Thu, 15 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਪੱਟੀ ਵਿਖੇ ‘ਮਾਘ ਮਹੀਨੇ ਦੀ’ ਸੰਗਰਾਂਦ ਅਤੇ ਚਾਲੀ ਮੁਕਤਿਆ ਦੀ ਟੁੱਟੀ ਗੰਢੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜੀ ਦੇ ਭੋਗ ਦਲ ਪੰਥ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਪਾਇਆ ਗਿਆ। ਜਿਸ ’ਚ ਇਲਾਕੇ ਅਤੇ ਸ਼ਹਿਰ ਦੀਆਂ ਸੰਗਤਾਂ ਵਲੋਂ ਹਾਜਰੀ ਭਰੀ ਗਈ ਅਤੇ ਭੋਗ ਤੋ ਉਪਰੰਤ ਸੇਵਾਦਾਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕੀਤੀ ਗਈ ਅਤੇ ਗਿਆਨੀ ਜਗਬੀਰ ਸਿੰਘ ਵਲੋਂ 40 ਮੁਕਤਿਆਂ ਦੇ ਇਤਿਹਾਸ ’ਤੇ ਸੰਗਤਾਂ ਨਾਲ ਸ਼ਬਦਾਂ ਦੀ ਸਾਂਝ ਪਾਈ ਅਤੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਜਥੇਦਾਰ ਯਾਦਵਿੰਦਰ ਸਿੰਘ ਨੇ ਦੱਸਿਆਂ ਅੱਜ ਦਾ ਇਹ ਇਤਿਹਾਸਕ ਦਿਹਾੜਾ ਸਿੱਖ ਧਰਮ ਵਿਚ ਅਹਿਮ ਸਥਾਨ ਰੱਖਦਾ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਪੁੱਜੇ ਤਾਂ ਉਸ ਸਮੇਂ ਉਨ੍ਹਾਂ ਨਾਲ ਉਹ ਸਿੱਖ ਵੀ ਸਨ, ਜਿਹੜੇ ਸਿੱਖ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੁੱਸ ਕੇ ਬੇਦਾਵਾ ਦੇ ਗਏ ਸਨ। ਉਹ ਸਿੱਖ ਵੀ ਮਾਈ ਭਾਗੋ ਦੇ ਵਿਸੇ਼ਸ਼ ਉਪਰਾਲੇ ਨਾਲ ਉਥੇ ਪੁੱਜ ਗਏ, ਉਨ੍ਹਾਂ ਨਾਲ ਭਾਈ ਭਾਗੋ ਵੀ ਸਨ। ਉਸ ਸਮੇਂ ਸਿੱਖ ਫੌਜਾਂ ਦੀ ਗਿਣਤੀ 2000 ਦੇ ਕਰੀਬ ਸੀ ਅਤੇ ਦੂਜੇ ਪਾਸੇ ਮੁਗਲ ਫੌਜਾਂ ਦੀ ਗਿਣਤੀ 10,000 ਹਜਾਰ ਦੇ ਕਰੀਬ ਸੀ ਅਤੇ ਖਿਦਰਾਣੇ ਦੀ ਢਾਬ ’ਤੇ ਘਮਸਾਨ ਦੀ ਲੜਾਈ ਹੋਈ। ਇਸ ਯੁੱਧ ਵਿਚ ਵੀ ਗੁਰੂ ਸਾਹਿਬ ਨੇ ਅਤੇ ਸਿੱਖਾਂ ਨੇ ਆਪਣੀ ਅਦੁਤੀ ਬਹਾਦਰੀ ਦਾ ਸਬੂਤ ਦਿੱਤਾ। ਉਨ੍ਹਾਂ ਨੇ ਦੁਸ਼ਮਣ ਦੇ ਆਹੂ ਲਾਹੇ ਖਿਦਰਾਣੇ ਦੀ ਢਾਬ ’ਤੇ ਪਾਣੀ ਦੀ ਘਾਟ ਹੋਣ ਕਰਕੇ ਮੁਗਲ ਫੌਜਾਂ ਲਈ ਲੜਨਾ ਔਖਾ ਹੋ ਗਿਆ ਅਤੇ ਉਨ੍ਹਾਂ ਨੂੰ ਲੜਾਈ ਛੱਡ ਭੱਜਣਾ ਪਿਆ ਅਤੇ ਇਹ ਲੜਾਈ ਵਿਚ ਗੁਰੂ ਜੀ ਦੀ ਜਿੱਤ ਹੋਈ ਅਤੇ ਇਸ ਲੜਾਈ ਵਿਚ ਮਾਈ ਭਾਗੋ ਅਤੇ ਚਾਲੀ ਸਿੱਖ ਜੋ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਬਹੁਤ ਬਹਾਦਰੀ ਨਾਲ ਲੜੇ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਸਿੱਖਾਂ ਦੀ ਬਹਾਦਰੀ ਦੇਖ ਮਹਾਂ ਸਿੰਘ ਅਤੇ ਹੋਰ ਸਿੱਖਾਂ ਨੂੰ ਟੁੱਟੀ ਗੰਢ ਕੇ ਸਨਮਾਨ ਦਿੱਤਾ। ਇਨ੍ਹਾਂ ਨੂੰ ਸਿੱਖ ਇਤਿਹਾਸ ਵਿਚ 40 ਮੁਕਤੇ ਕਿਹਾ ਜਾਂਦਾ ਹੈ ਅਤੇ ਖਿਦਰਾਣੇ ਦੀ ਢਾਬ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਜਥੇਦਾਰ ਬਾਬਾ ਅਮਰੀਕ ਸਿੰਘ ਖੂਹ ਵਾਲੇ, ਬਾਬਾ ਮਹਾਂ ਸਿੰਘ, ਗ੍ਰੰਥੀ ਸਰਵਣ ਸਿੰਘ, ਸੂਰਜ ਪ੍ਰਤਾਪ ਸਿੰਘ, ਜਥੇਦਾਰ ਕਰਤਾਰ ਸਿੰਘ, ਤਜਿੰਦਰ ਸਿੰਘ ਛੀਨਾ, ਗੁਰਪ੍ਰੀਤ ਸਿੰਘ ਗੋਰਾ ਬੀਬੀਸੀ ਪੱਟੀ, ਹਰਜਿੰਦਰ ਸਿੰਘ ਢਿੱਲੋਂ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ। ਕੈਪਸ਼ਨ : ਗੁਰਦੁਆਰਾ ਭੱਠ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕਰਦੇ ਹੋਏ ਸੇਵਾਦਾਰ। ਕੈਪਸ਼ਨ - ਗੁਰਦੁਆਰਾ ਭੱਠ ਸਾਹਿਬ ਪੱਟੀ ’ਚ ਲੰਗਰ ਦੀ ਸੇਵਾ ਕਰਦੀਆਂ ਬੀਬੀਆਂ। ਕੈਪਸ਼ਨ - ਗੁਰਦੁਆਰਾ ਸਾਹਿਬ ਵਿਚ ਹਾਜਰ ਸੰਗਤਾਂ।