ਗੈਸ ਸਿਲੰਡਰਾਂ ਨੂੰ ਲੈ ਕੇ ਲੋਕਾਂ ’ਚ ਘਬਰਾਹਟ, ਬੁਕਿੰਗ ਨਾ ਹੋਣ ’ਤੇ ਵਧੀ ਚਿੰਤਾ
ਗੈਸ ਸਿਲੰਡਰਾਂ ਨੂੰ ਲੈ ਕੇ ਲੋਕਾਂ ’ਚ ਘਬਰਾਹਟ, ਬੁਕਿੰਗ ਨਾ ਹੋਣ ’ਤੇ ਵਧੀ ਹੋਰ ਚਿੰਤਾ
Publish Date: Thu, 12 Mar 2026 07:34 PM (IST)
Updated Date: Fri, 13 Mar 2026 04:10 AM (IST)

ਸਪਲਾਈ ’ਚ ਕੋਈ ਵਿਘਨ ਨਹੀਂ, ਜ਼ਿਆਦਾ ਕਾਲਾਂ ਨਾਲ ਸਰਵਰ ਬੰਦ ਹੋਇਆ : ਏਜੰਸੀਆਂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਪੱਛਮੀ ਏਸ਼ੀਆ ’ਚ ਚੱਲ ਰਹੇ ਯੁੱਧ ਦੇ ਚੱਲਦਿਆਂ ਤੇਲ ਅਤੇ ਗੈਸ ਨੂੰ ਲੈ ਕੇ ਲੋਕਾਂ ਅੰਦਰ ਘਬਰਾਹਟ ਦਾ ਮਾਹੌਲ ਬਣਿਆ ਹੋਇਆ ਹੈ। ਉੱਪਰੋਂ ਆਨਲਾਈਨ ਬੁਕਿੰਗ ਵਾਲਾ ਨੰਬਰ ਬੰਦ ਹੋਣ ਕਰਕੇ ਲੋਕਾਂ ਅੰਦਰ ਹੋਰ ਚਿੰਤਾ ਵਧ ਗਈ ਹੈ। ਦੂਜੇ ਪਾਸੇ ਏਜੰਸੀਆਂ ਵਾਲਿਆਂ ਦੀ ਮੰਨੀਏ ਤਾਂ ਜ਼ਿਆਦਾ ਫੋਨ ਕਰਨ ਕਰਕੇ ਸਾਈਟ ਕਰੈਸ਼ ਹੋ ਗਈ ਹੈ ਤੇ ਦੋ-ਤਿੰਨ ਬਾਅਦ ਆਪਣੇ ਆਪ ਚੱਲ ਪਵੇਗੀ। ਹਾਲਾਂਕਿ ਦੇਰ ਰਾਤ ਜਾਂ ਤੜਕਸਾਰ ਕਈ ਵਾਰ ਬੁਕਿੰਗ ਨੰਬਰ ਚੱਲ ਰਿਹਾ ਹੈ ਅਤੇ ਡੀਏਸੀ ਨੰਬਰ ਦੇ ਅਧਾਰ ’ਤੇ ਡਲਿਵਰੀ ਨਿਰਵਿਘਨ ਚੱਲ ਰਹੀ ਹੈ। ਦੱਸ ਦਈਏ ਕਿ ਪੱਛਮੀ ਏਸ਼ੀਆ ਵਿਚ ਯੁੱਧ ਦੇ ਚੱਲਦਿਆਂ ਪਹਿਲਾਂ ਲੋਕਾਂ ਅੰਦਰ ਪੈਟਰੋਲ ਅਤੇ ਡੀਜਲ ਨੂੰ ਲੈ ਕੇ ਅਜਿਹਾ ਚਿੰਤਾ ਬਣੀ ਕੇ ਲੋਕਾਂ ਨੇ ਗੱਡੀਆਂ ਦੀਆਂ ਟੈਂਕੀਆਂ ਤੱਕ ਫੁੱਲ ਕਰਵਾ ਲਈਆਂ। ਪੈਟਰੋਲ ਪੰਪਾਂ ਉਪਰ ਵੀ ਵਾਹਨਾਂ ਦੀ ਗਿਣਤੀ ਵੱਧਣ ਲੱਗੀ। ਉਥੇ ਹੀ ਹੁਣ ਗੈਸ ਸਿਲੰਡਰਾਂ ਨੂੰ ਲੈ ਕੇ ਵੀ ਲੋਕਾਂ ਅੰਦਰ ਉਸ ਵੇਲੇ ਪੈਨਿਕ ਦਾ ਮਾਹੌਲ ਬਣ ਗਿਆ, ਜਦੋਂ ਆਨ ਲਾਈਨ ਬੁਕਿੰਗ ਵਾਲਾ ਨੰਬਰ ਅਚਾਨਕ ਬੰਦ ਆਉਣ ਲੱਗਾ। ਕਈ ਦਿਨ੍ਹਾਂ ਤੋਂ ਬੁਕਿੰਗ ਸਹੀ ਢੰਗ ਨਾਲ ਨਾ ਹੋਣ ਕਰਕੇ ਲੋਕਾਂ ਕੋਲ ਹੁਣ ਗੈਸ ਦੀ ਕਿੱਲਤ ਵੱਧਣ ਲੱਗੀ ਹੈ ਅਤੇ ਬੁਕਿੰਗ ਬੰਦ ਹੋਣ ਦੀ ਚਿੰਤਾ ਵੱਖਰੀ ਬਣੀ ਹੋਈ ਹੈ। ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਕੁਲਬੀਰ ਸਿੰਘ, ਸੁਖਬੀਰ ਸਿੰਘ ਨੇ ਕਿਹਾ ਕਿ ਇਕ ਤਾਂ ਗੈਸ ਕੰਪਨੀਆਂ ਨੇ ਬੁਕਿੰਗ ਦਾ ਸਮਾਂ 25 ਦਿਨ ਨਿਰਧਾਰਿਤ ਕਰ ਦਿੱਤਾ ਹੈ। ਉਪਰੋਂ ਬੁਕਿੰਗ ਨੰਬਰ ਨਹੀਂ ਚੱਲ ਰਿਹਾ। ਜਿਨ੍ਹਾਂ ਘਰਾਂ ਵਿਚ ਗੈਸ ਸਿਲੰਡਰ ਖਤਮ ਹੋ ਗਏ ਹਨ, ਉਨ੍ਹਾਂ ਨੂੰ ਹੁਣ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕਮਰਸ਼ੀਅਲ ਸਿਲੰਡਰਾਂ ਦੀ ਕਮੀ ਦੇ ਚੱਲਦਿਆਂ ਰੈਸਟੋਰੈਂਟਾਂ, ਹੋਟਲਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਵਾਲਿਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਮਰਸ਼ੀਅਲ ਹੋ ਨਹੀਂ ਸਕਦੀ ਤੇ ਉਪਰੋਂ ਸਿਲੰਡਰ ਮਿਲਣ ਵਿਚ ਵੀ ਮੁਸ਼ਿਕਲ ਆ ਰਹੀ ਹੈ। ਸਿਲੰਡਰ ਦੇ ਡਲਿਵਰੀ ਮੈਨ ਅਵਤਾਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਦੀ ਬੁਕਿੰਗ ਹੋ ਰਹੀ ਹੈ, ਉਨ੍ਹਾਂ ਦੀ ਡਲਿਵਰੀ ਡੀਏਸੀ ਦੇ ਅਧਾਰ ’ਤੇ ਤਰੁੰਤ ਕੀਤੀ ਜਾ ਰਹੀ ਹੈ ਤੇ ਕਿੱਲਤ ਵਰਗੀ ਕੋਈ ਗੱਲ ਨਹੀਂ। ਗੈਸ ਏਜੰਸੀ ਦੇ ਮੈਨੇਜਰ ਬਲਜੀਤ ਸਿੰਘ ਨੇ ਦੱਸਿਆ ਕਿ ਪੈਨਿਕ ਦੇ ਚੱਲਦਿਆਂ ਲੋਕਾਂ ਵੱਲੋਂ ਧੜਾ-ਧੜ ਸਿਲੰਡਰਾਂ ਦੀ ਬੁਕਿੰਗ ਵਾਲੇ ਨੰਬਰ ’ਤੇ ਕਾਲ ਕਰਨ ਕਰਕੇ ਸਰਵਰ ਬੰਦ ਹੋ ਗਿਆ ਹੈ ਤੇ ਹੋ ਸਕਦੀ ਹੈ ਕਿ ਦੋ ਤਿੰਨ ਅਜੇ ਹੋਰ ਨੰਬਰ ਨਾ ਚੱਲ ਸਕੇ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਜਾਂ ਤੜਕਸਾਰ ਕੁਝ ਬੁਕਿੰਗਾਂ ਹੋ ਰਹੀਆਂ ਹਨ, ਜਿਨ੍ਹਾਂ ਦੀ ਡਲਿਵਰੀ ਵੀ ਆਸਾਨੀ ਨਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਸ ਦੀ ਕੋਈ ਕਿੱਲਤ ਨਹੀਂ ਹੈ। ਬਾਕਸ- ਜਮ੍ਹਾਂਖੋਰੀ, ਕਾਲਾਬਾਜ਼ਾਰੀ ਜਾਂ ਓਵਰ ਚਾਰਜਿੰਗ ’ਤੇ ਲਿਹਾਜ ਨਹੀਂ ਹੋਵੇਗਾ : ਡੀਸੀ ਡਿਪਟੀ ਕਮਿਸ਼ਨਰ ਰਾਹੁਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਸ ਰੀਫਿਲ ਲਈ ਕੇਂਦਰ ਸਰਕਾਰ ਦੁਆਰਾ ਬੁਕਿੰਗ ਲਈ 21 ਦਿਨ ਤੋ 25 ਦਿਨ੍ਹਾਂ ਦੀ ਕੀਤੀ ਗਈ ਤਬਦੀਲੀ ਦੀ ਪਾਲਣਾ ਕਰਦਿਆਂ 25 ਦਿਨ੍ਹਾਂ ਬਾਅਦ ਹੀ ਬੁਕਿੰਗ ਕਰਵਾਉਣ। ਉਨ੍ਹਾਂ ਕਿਹਾ ਕਿ ਵਪਾਰਕ ਵਰਤੋਂ ਵਿਚ ਆਉਣ ਵਾਲੇ ਸਿਲੰਡਰਾਂ ਦੀ ਸਪਲਾਈ ਵਿਚ ਹਾਲ ਦੀ ਘੜੀ ਕਟੌਤੀ ਕੀਤੀ ਗਈ ਹੈ, ਜੋ ਕਿ ਬਹੁਤ ਜਲਦ ਪਹਿਲਾਂ ਦੀ ਤਰ੍ਹਾਂ ਬਹਾਲ ਹੋ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਪੂਰਨ ਤੌਰ ’ਤੇ ਸਮੂਹ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਲਈ ਹਾਜਰ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਡਿਸਟ੍ਰੀਬਿਊਟਰਾਂ ਨੂੰ ਆਦੇਸ਼ ਦਿੱਤੇ ਕਿ ਆਮ ਜਨਤਾ ਨੂੰ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਜਾਵੇ। ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਖ਼ਪਤਕਾਰਾਂ ਦੇ ਹਿੱਤਾਂ ਲਈ ਐੱਲਪੀਜੀ ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਜਮ੍ਹਾਂਖੋਰੀ, ਬਲੈਕ ਮਾਰਕੀਟਿੰਗ ਜਾਂ ਓਵਰ ਚਾਰਜਿੰਗ ਆਦਿ ਧਿਆਨ ’ਚ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।