- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੜੀ ਦਾ ਤਿਉਹਾਰ ਕਰੀਬ ਇਕ ਹਫਤੇ ਬਾਅਦ ਹੈ ਪਰ ਇਸ ਤਿਉਹਾਰ ’ਤੇ ਪਤੰਗਬਾਜ਼ੀ ਕਰਨ ਵਾਲਿਆਂ ਦਾ ਉਤਸ਼ਾਹ ਹੁਣ ਤੋਂ ਹੀ ਦਿਖਾਈ ਦੇ ਰਿਹਾ ਹੈ। ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਥਾਂ-ਥਾਂ ’ਤੇ ਪਤੰਗਾਂ ਦੀਆਂ ਦੁਕਾਨਾਂ ਸਜੀਆਂ ਦਿਖਾਈ ਦੇ ਰਹੀਆਂ ਹਨ ਅਤੇ ਨੌਜਵਾਨ ਪਤੰਗਾਂ ਦੀ ਖੂਬ ਖਰੀਦਦਾਰੀ ਵੀ ਕਰਨ ਵਿਚ ਲੱਗੇ ਹੋਏ ਹਨ। ਪਰ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਦੇ ਸ਼ੌਕੀਨ ਆਪਣਾ ਸ਼ੌਕ ਪੂਰਾ ਕਰ ਸਕਣਗੇ ਕਿ ਨਹੀਂ ਇਹ ਸਭ ਕੁਝ ਮੌਸਮ ਦੇ ਮਿਜ਼ਾਜ ’ਤੇ ਹੀ ਨਿਰਭਰ ਰਹੇਗਾ, ਕਿਉਂਕਿ ਕਈ ਦਿਨਾਂ ਤੋਂ ਧੁੰਦ ਅਤੇ ਬੱਦਲਵਾਈ ਦਾ ਭਾਰੀ ਅਸਰ ਦਿਖਾਈ ਦੇ ਰਿਹਾ ਹੈ ਅਤੇ ਸੂਰਜ ਦੇਵਤਾ ਦੇ ਦਰਸ਼ਨ ਵੀ ਕਦੇ ਕਦਾਈਂ ਹੀ ਹੋ ਰਹੇ ਹਨ।

ਜਸਪਾਲ ਸਿੰਘ ਜੱਸੀ,ਪੰਜਾਬੀ ਜਾਗਰਣ, ਤਰਨਤਾਰਨ। ਲੋਹੜੀ ਦਾ ਤਿਉਹਾਰ ਕਰੀਬ ਇਕ ਹਫਤੇ ਬਾਅਦ ਹੈ ਪਰ ਇਸ ਤਿਉਹਾਰ ’ਤੇ ਪਤੰਗਬਾਜ਼ੀ ਕਰਨ ਵਾਲਿਆਂ ਦਾ ਉਤਸ਼ਾਹ ਹੁਣ ਤੋਂ ਹੀ ਦਿਖਾਈ ਦੇ ਰਿਹਾ ਹੈ। ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਥਾਂ-ਥਾਂ ’ਤੇ ਪਤੰਗਾਂ ਦੀਆਂ ਦੁਕਾਨਾਂ ਸਜੀਆਂ ਦਿਖਾਈ ਦੇ ਰਹੀਆਂ ਹਨ ਅਤੇ ਨੌਜਵਾਨ ਪਤੰਗਾਂ ਦੀ ਖੂਬ ਖਰੀਦਦਾਰੀ ਵੀ ਕਰਨ ਵਿਚ ਲੱਗੇ ਹੋਏ ਹਨ। ਪਰ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਦੇ ਸ਼ੌਕੀਨ ਆਪਣਾ ਸ਼ੌਕ ਪੂਰਾ ਕਰ ਸਕਣਗੇ ਕਿ ਨਹੀਂ ਇਹ ਸਭ ਕੁਝ ਮੌਸਮ ਦੇ ਮਿਜ਼ਾਜ ’ਤੇ ਹੀ ਨਿਰਭਰ ਰਹੇਗਾ, ਕਿਉਂਕਿ ਕਈ ਦਿਨਾਂ ਤੋਂ ਧੁੰਦ ਅਤੇ ਬੱਦਲਵਾਈ ਦਾ ਭਾਰੀ ਅਸਰ ਦਿਖਾਈ ਦੇ ਰਿਹਾ ਹੈ ਅਤੇ ਸੂਰਜ ਦੇਵਤਾ ਦੇ ਦਰਸ਼ਨ ਵੀ ਕਦੇ ਕਦਾਈਂ ਹੀ ਹੋ ਰਹੇ ਹਨ।
ਲੋਹੜੀ ਵਾਲੇ ਦਿਨ ਆਮ ਤੌਰ ’ਤੇ ਮਾਝਾ ਖੇਤਰ ਦੇ ਜ਼ਿਲ੍ਹੇ ਤਰਨਤਾਰਨ ਤੇ ਅੰਮ੍ਰਿਤਸਰ ਵਿਚ ਵੱਡੇ ਪੱਧਰ ’ਤੇ ਪਤੰਗਾਬਾਜ਼ੀ ਹੁੰਦੀ ਹੈ। ਦਿਨ ਚੜ੍ਹਦਿਆਂ ਹੀ ਨੌਜਵਾਨ ਤੇ ਬੱਚੇ ਘਰਾਂ ਦੀਆਂ ਛੱਤਾਂ ’ਤੇ ਦਿਖਾਈ ਦੇਣ ਲੱਗ ਪੈਂਦੇ ਹਨ। ਪਤੰਗਬਾਜੀ ਦਾ ਸ਼ੌਕ ਪੂਰਾ ਕਰਨ ਦੇ ਨਾਲ-ਨਾਲ ਨੌਜਵਾਨਾਂ ਵੱਲੋਂ ਛੱਤਾਂ ’ਤੇ ਸਪੀਕਰ ਵੀ ਲਗਾਏ ਜਾਂਦੇ ਹਨ ਅਤੇ ਆਪੋ ਆਪਣੀ ਕਲਾ ਦਾ ਲੋਹਾ ਮਨਵਾਉਣ ਲਈ ਵਧੀਆ ਡੋਰ ਦੀ ਖਰੀਦਦਾਰੀ ਵੀ ਕੀਤੀ ਜਾਂਦੀ ਹੈ। ਪਰ ਕਈ ਵਾਰ ਲੋਹੜੀ ਵਾਲੇ ਦਿਨ ਮੌਸਮ ਦੇ ਮਿਜ਼ਾਜ ਅਜਿਹੇ ਹੋ ਜਾਂਦੇ ਹਨ ਕਿ ਨੌਜਵਾਨਾਂ ਦਾ ਇਹ ਸ਼ੌਕ ਪੂਰਾ ਨਹੀਂ ਹੋ ਪਾਉਂਦਾ।
.jpg)
ਇਸ ਵਾਰ ਵੀ ਧੁੰਦ ਦਾ ਮੌਸਮ ਚੱਲ ਰਿਹਾ ਹੈ। ਬੇਸ਼ੱਕ ਅਜੇ ਲੋਹੜੀ ਵਿਚ ਇਕ ਹਫਤਾ ਬਾਕੀ ਹੈ। ਪਰ ਇੰਟਰਨੈਟ ’ਤੇ ਮੌਸਮ ਸਬੰਧੀ ਜਾਣਕਾਰੀ ’ਤੇ ਝਾਤ ਮਾਰੀਏ ਤਾਂ ਪਾਰੇ ਵਿਚ ਭਾਰੀ ਗਿਰਾਵਟ ਦਿਖਾਈ ਦੇ ਰਹੀ ਹੈ, ਜੋ ਪਤੰਗਬਾਜ਼ਾਂ ਦੇ ਸ਼ੌਕ ਉੱਪਰ ਭਾਰੀ ਪੈ ਸਕਦੀ ਹੈ। ਨੌਜਵਾਨ ਹਰਸਿਮਰਨ ਸਿੰਘ, ਮਨਸਿਮਰਨ ਸਿੰਘ, ਹਰਜਗਜੀਤ ਸਿੰਘ, ਮਨਿੰਦਰਜੀਤ ਸਿੰਘ, ਸੁਖਰਾਜ ਸਿੰਘ ਆਦਿ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ’ਤੇ ਪਤੰਗਬਾਜ਼ੀ ਤਾਂ ਹੁੰਦੀ ਹੈ ਪਰ ਸਾਵਧਾਨੀ ਵੀ ਜ਼ਰੂਰੀ ਹੈ। ਪਤੰਗਬਾਜ਼ ਜੋਬਨਜੀਤ ਸਿੰਘ ਅਤੇ ਜੋਧਵੀਰ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਧਾਗੇ ਦੀ ਡੋਰ ਨਾਲ ਹੀ ਪਤੰਗਾਂ ਉਡਾ ਰਹੇ ਹਨ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਹਨ।
ਕਿਉਂਕਿ ਡਰੈਗਨ ਡੋਰ ਮਨੁੱਖਾਂ ਲਈ ਘਾਤਕ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਇਸ ਬਾਰੇ ਜ਼ਰੂਰ ਜਾਗਰੂਕ ਕਰਨ। ਜਦੋਂਕਿ ਜੋ ਮਾਪੇ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਤੋਂ ਨਹੀਂ ਰੋਕਦੇ ਉਨ੍ਹਾਂ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਪਤੰਗਾਂ ਵੇਚਣ ਵਾਲੇ ਨੇ ਕਿਹਾ ਧਾਗਾ ਡੋਰ ਦੀ ਹੋਵੇ ਵਰਤੋਂ
ਅੰਮ੍ਰਿਤਸਰ ਤੋਂ ਲਿਆ ਕੇ ਤਰਨਤਾਰਨ ’ਚ ਪਤੰਗਾਂ ਦੀ ਵਿਕਰੀ ਕਰ ਰਹੇ ਮੰਗਾ ਸਿੰਘ ਕੁਹਾੜਕਾ ਨੇ ਕਿਹਾ ਕਿ ਪਹਿਲਾਂ ਪਤੰਗਬਾਜ਼ੀ ਧਾਗੇ ਦੀ ਡੋਰ ਨਾਲ ਹੁੰਦੀ ਸੀ ਅਤੇ ਇਸ ਨਾਲ ਪੇਚੇ ਲਗਾਉਣ ਵਾਲੇ ਦੀ ਕਲਾ ਦਾ ਪਤਾ ਲੱਗਦਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਤਿੰਨ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਸਿਰਫ ਧਾਗਾ ਡੋਰ ਦੀ ਹੀ ਵਿਕਰੀ ਕਰਦਾ ਹੈ। ਧਾਗਾ ਡੋਰ 500 ਤੋਂ ਰੁਪਏ ਦੇ ਗੱਟੂ ਤੋਂ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਪਤੰਗਾਂ ਬਹੁਤ ਫੈਨਸੀ ਹੋ ਗਈਆਂ ਹਨ। ਵੱਖ-ਵੱਖ ਡਿਜ਼ਾਈਨਾਂ ਵਿਚ ਬਣੇ ਪਤੰਗ ਆਸਮਾਨ ਦੀ ਸ਼ਾਨ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਤੇ ਪਤੰਗਾਂ ਦੀ ਵਿਕਰੀ ਤਾਂ ਹੋ ਰਹੀ ਹੈ। ਪਰ ਮੌਸਮ ਸਾਫ ਰਹੇ ਤਾਂ ਜੋ ਪਤੰਗਬਾਜ਼ ਆਪਣਾ ਸ਼ੌਕ ਪੂਰਾ ਕਰ ਸਕਣ।
ਸਲੋਗਨ ਲਿਖੀਆਂ ਪਤੰਗਾਂ ਵੀ ਆਈਆਂ ਬਾਜ਼ਾਰ ’ਚ
ਬਾਜ਼ਾਰ ਵਿਚ ਬਹੁਰੰਗੀ ਅਤੇ ਵੱਖ ਵੱਖ ਡਿਜ਼ਾਈਨਾਂ ਦੀ ਪਤੰਗਾਂ ਉਪਲੱਬਧ ਹਨ। ਨਾਲ ਹੀ ਫਿਲਮੀ ਕਲਾਕਾਰਾਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਸਲੋਗਨ ਲਿਖੀਆਂ ਪਤੰਗਾਂ ਵੀ ਬਾਜ਼ਾਰ ਵਿਚ ਵਿਕ ਰਹੀਆਂ ਹਨ। ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਵੱਖ ਵੱਖ ਸਾਇਜ਼ ’ਚ ਬਣੀਆਂ ਦਿਲਕਸ਼ ਪਤੰਗਾਂ ਦੀ ਨੌਜਵਾਨ ਅਤੇ ਬੱਚੇ ਦੱਬ ਕੇ ਖਰੀਦਦਾਰੀ ਕਰ ਰਹੇ ਹਨ।
ਇਹ ਪਤੰਗਾਂ ਵਿਕ ਰਹੀਆਂ ਹਨ ਬਾਜ਼ਾਰ ਵਿਚ
ਬਟਰ ਪੇਪਰ ਪਤੰਗ 40 ਤੋਂ 60 ਪ੍ਰਤੀ ਪਤੰਗ, ਲਖਨਊ ਗਾਡ 10 ਰੁਪਏ, ਪੰਜ ਤਾਵਾ 80 ਤੋਂ100 ਰੁਪਏ, ਚਾਰ ਤਾਵਾ 60 ਤੋਂ 90 ਰੁਪਏ, ਦੋ ਤਾਵਾ 40 ਤੋਂ 55 ਰੁਪਏ, ਇਕ ਤਾਵਾ 10 ਤੋਂ 30 ਰੁਪਏ, ਮੱਛੀ ਗੁੱਡਾ 20 ਤੋਂ 45 ਰੁਪਏ ਪ੍ਰਤੀ ਪਤੰਗ ਦੇ ਹਿਸਾਬ ਨਾਲ ਮਾਰਕੀਟ ਵਿਚ ਉਪਲੱਬਧ ਹੈ। ਜਦੋਂਕਿ ਕਈ ਤਰ੍ਹਾਂ ਦੇ ਵੱਡੇ ਪਤੰਗ ਜਿਨ੍ਹਾਂ ਨੂੰ ਮਾਝੇ ਵਿਚ ਗੁੱਡੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੀ ਬਾਜ਼ਾਰ ਵਿਚ ਮਿਲ ਰਹੇ ਹਨ ਅਤੇ ਨੌਜਵਾਨ ਉਤਸ਼ਾਹ ਨਾਲ ਇਨ੍ਹਾਂ ਦੀ ਖਰੀਦਦਾਰੀ ਕਰਦੇ ਦਿਖਾਈ ਦੇ ਰਹੇ ਹਨ।
ਸਾਵਧਾਨੀ ਨਾਲ ਕੀਤੀ ਜਾਵੇਗੀ ਪਤੰਗਬਾਜ਼ੀ- ਲਾਲੀ
ਤਰਨਤਾਰਨ ਦੇ ਸੀਨੀਅਰ ਕੌਂਸਲਰ ਸਰਬਜੀਤ ਸਿੰਘ ਲਾਲੀ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ’ਤੇ ਮਾਝੇ ਵਿਚ ਪਤੰਗਬਾਜ਼ੀ ਵੱਡੇ ਪੱਧਰ ’ਤੇ ਹੁੰਦੀ ਹੈ। ਜਦੋਂਕਿ ਸਭ ਤੋਂ ਵੱਧ ਪਤੰਗਬਾਜ਼ੀ ਅੰਮ੍ਰਿਤਸਰ ਅਤੇ ਤਰਨਤਾਰਨ ਸ਼ਹਿਰ ਵਿਚ ਵੇਖੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਨ ਸਮੇਂ ਸਾਵਧਾਨੀ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਡਰੈਗਨ ਡੋਰ ਨਾ ਵਰਤਣ ਦੀ ਅਪੀਲ ਵੀ ਕੀਤੀ।