ਤਰਨਤਾਰਨ ’ਚ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਤਰਨਤਾਰਨ ’ਚ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ
Publish Date: Tue, 13 Jan 2026 07:26 PM (IST)
Updated Date: Wed, 14 Jan 2026 04:10 AM (IST)

ਥਾਂ-ਥਾਂ ਭੁੱਗੇ ਬਾਲ ਕੇ ਲੋਕਾਂ ਨੇ ਕੀਤੀ ਲੋਹੜੀ ਦੀ ਖੁਸ਼ੀ ਸਾਂਝੀ, ਧੁੰਦ ਦੇ ਬਾਵਜੂਦ ਨੌਜਵਾਨਾਂ ਨੇ ਪਤੰਗਬਾਜ਼ੀ ਦਾ ਸ਼ੌਕ ਕੀਤਾ ਪੂਰਾ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ’ਚ ਸ਼ਨਿੱਚਰਵਾਰ ਨੂੰ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਉਂਦਿਆਂ ਲੋਕਾਂ ਨੇ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਦਿਲ ਖੋਲ੍ਹ ਕੇ ਸਾਂਝਾ ਕੀਤਾ। ਲੋਹੜੀ ਦੇ ਦਿਹਾੜੇ ’ਤੇ ਜਿਥੇ ਲੋਕਾਂ ਨੇ ਮੂੰਗਫਲੀ, ਰਿਉੜੀਆਂ, ਖਜੂਰਾਂ ਆਦਿ ਦੀ ਰੱਜ ਕੇ ਖਰੀਦਦਾਰੀ ਕੀਤੀ। ਉਥੇ ਹੀ ਧੁੰਦ ਦੇ ਬਾਵਜੂਦ ਨੌਜਵਾਨਾਂ ਨੇ ਪਤੰਗਬਾਜ਼ੀ ਦਾ ਲੁਤਫ ਵੀ ਪੂਰੇ ਉਤਸ਼ਾਹ ਨਾਲ ਲਿਆ। ਹਾਲਾਂਕਿ ਹਵਾ ਦੀਆਂ ਕਲਾਬਾਜ਼ੀਆਂ ਤੋਂ ਪਤੰਗਬਾਜ ਨਿਰਾਸ਼ ਦਿਖਾਈ ਦਿੱਤੇ। ਸ਼ਾਮ ਹੁੰਦਿਆਂ ਹੀ ਲੋਕਾਂ ਨੇ ਭੁੱਗਾ ਬਾਲਣ ਦੀ ਰਸਮ ਅਦਾ ਕਰਕੇ ਇਕ ਦੂਸਰੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਚੌਂਕ ਚੁਰਾਹਿਆਂ ਦੇ ਨਾਲ ਨਾਲ ਲੋਕਾਂ ਨੇ ਘਰਾਂ ਵਿਚ ਵੀ ਭੁੱਗੇ ਬਾਲੇ। ਆਪਸੀ ਸਾਂਝ ਦਾ ਪ੍ਰਤੀਕ ਮੰਨੇ ਜਾਂਦੇ ਲੋਹੜੀ ਦੇ ਤਿਉਹਾਰ ਮੌਕੇ ਮਾਝਾ ਖੇਤਰ ’ਚ ਪਤੰਗਬਾਜੀ ਦਾ ਬਹੁਤ ਰੁਝਾਨ ਹੈ। ਇਸ ਤਿਉਹਾਰ ਨੂੰ ਲੈ ਕੇ ਪਤੰਗਬਾਜ਼ੀ ਦੇ ਸ਼ੌਕੀਨ ਕਈ ਦਿਨ ਪਹਿਲਾਂ ਤੋਂ ਪਤੰਗਾਂ ਉਡਾਉਣ ਦੀਆਂ ਤਿਆਰੀਆਂ ਵਿਚ ਲੱਗ ਜਾਂਦੇ ਹਨ। ਜਿਸਦੇ ਚੱਲਦਿਆਂ ਆਪਣੀਆਂ ਮਨ ਪਸੰਦ ਦੀਆਂ ਪਤੰਗਾਂ ਖਰੀਦਣ ਵਾਸਤੇ ਨੌਜਵਾਨ ਤਰਨਤਾਰਨ ਹੀ ਨਹੀਂ ਬਲਕਿ ਅੰਮ੍ਰਿਤਸਰ ਦੀਆਂ ਦੁਕਾਨਾਂ ਤਕ ਵੀ ਪਹੁੰਚ ਕਰਦੇ ਹਨ। ਇਨ੍ਹਾਂ ਹੀ ਨਹੀਂ, ਬੱਚਿਆਂ ਵਿਚ ਵੀ ਪਤੰਗਬਾਜੀ ਨੂੰ ਲੈ ਕੇ ਭਾਰੀ ਉਤਸ਼ਾਹ ਹੁੰਦਾ ਹੈ। ਲੋਹੜੀ ਤੋਂ ਪਹਿਲਾਂ ਹੀ ਡੋਰ ਅਤੇ ਪਤੰਗਾਂ ਦੀ ਖਰੀਦਦਾਰੀ ਦਾ ਖੂਬ ਦੌਰ ਚਲਦਾ ਹੈ। ਲੋਹੜੀ ਵਾਲੇ ਦਿਨ ਬੇਸ਼ੱਕ ਸਾਰਾ ਦਿਨ ਧੁੱਪ ਨਾ ਖਿੜੀ ਪਰ ਨੌਜਵਾਨਾਂ ਨੇ ਪਤੰਗਬਾਜੀ ਦਾ ਸ਼ੌਕ ਪੂਰਾ ਕਰਨ ਲਈ ਕੋਠਿਆਂ ’ਤੇ ਸਪੀਕਰ ਵੀ ਲਗਾਏ ਅਤੇ ਪਤੰਗਾਂ ਵੀ ਉਡਾਈਆਂ। ਪਿਛਲੇ ਕੁਝ ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂ ਹੋਈ ਪਰੰਪਰਾ ਇਸ ਵਾਰ ਵੀ ਜਾਰੀ ਰਹੀ। ਸਕੂਲਾਂ, ਕਾਲਜਾਂ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾ ਕੇ ਉਨ੍ਹਾਂ ਨੂੰ ਤੋਹਫੇ ਵੀ ਦਿੱਤੇ। ਬਾਕਸ- ਮੂੰਗਫਲੀ, ਰਿਓੜੀਆਂ ਤੇ ਫੁੱਲਿਆਂ ਦੀਆਂ ਦੁਕਾਨਾਂ ’ਤੇ ਵੀ ਦਿਸੀ ਗ੍ਰਾਹਕੀ ਮੂੰਗਫਲੀ, ਰਿਓੜੀਆਂ ਤੇ ਫੁੱਲਿਆਂ ਆਦਿ ਦੀਆਂ ਭਾਰੀ ਦੁਕਾਨਾਂ ਸ਼ਹਿਰ ਵਿਚ ਸਜੀਆਂ ਅਤੇ ਇਨ੍ਹਾਂ ਤੋਂ ਖਰੀਦਦਾਰੀ ਕਰਨ ਵਾਲਿਆਂ ਦੀ ਵੀ ਕੋਈ ਕਮੀਂ ਦਿਖਾਈ ਨਹੀਂ ਦਿੱਤੀ। ਹਾਲਾਂਕਿ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ ਅਤੇ ਹਰ ਵਸਤੂ ਖਾਸੀ ਮਹਿੰਗੀ ਵਿਕ ਰਹੀ ਹੈ ਪਰ ਇਸਦੇ ਬਾਵਜੂਦ ਲੋਕਾਂ ਅੰਦਰ ਖਰੀਦਦਾਰੀ ਨੂੰ ਲੈ ਕੇ ਉਤਸ਼ਾਹ ਰਿਹਾ ਅਤੇ ਹਰ ਕਿਸੇ ਨੇ ਆਪਣੀ ਲੋੜ ਮੁਤਾਬਿਕ ਖਰੀਦਦਾਰੀ ਕੀਤੀ। ਪੱਕੀਆਂ ਦੁਕਾਨਾਂ ਦੇ ਨਾਲ ਨਾਲ ਸ਼ਹਿਰ ਵਿਚ ਅਨੇਕਾਂ ਆਰਜੀ ਦੁਕਾਨਾਂ ਵੀ ਸਜੀਆਂ, ਜਿਨ੍ਹਾਂ ਤੋਂ ਲੋਕਾਂ ਨੇ ਫੁੱਲੇ, ਮੂੰਗਫਲੀ ਅਤੇ ਰਿਓੜੀਆਂ ਦੀ ਖਰੀਦਦਾਰੀ ਕੀਤੀ। ਬਾਕਸ- ਪਤੰਗਾਂ ਬਣੇ ਕੇਕ ਵੀ ਰਹੇ ਖਿੱਚ ਦਾ ਕੇਂਦਰ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬੇਕਰੀ ਦੀਆਂ ਦੁਕਾਨਾਂ ’ਤੇ ਵੀ ਰੌਣਕ ਰਹੀ। ਇਕ-ਦੂਜੇ ਨੂੰ ਤੋਹਫੇ ਦੇ ਰੂਪ ਵਿਚ ਦੇਣ ਲਈ ਬਣਾਏ ਗਏ ਗਿਫਟ ਹੈਂਪਰਾਂ ਤੋਂ ਇਲਾਵਾ ਕੇਕ ਵੀ ਖਰੀਦੇ ਗਏ। ਜਦੋਂਕਿ ਬੇਕਰੀ ਵਾਲਿਆਂ ਵੱਲੋਂ ਵੀ ਲੋਹੜੀ ਦੇ ਸਬੰਧ ਵਿਚ ਕੇਕ ਉੱਪਰ ਪਤੰਗਾਂ ਦੀਆਂ ਆਕ੍ਰਿਤੀਆਂ ਤਿਆਰ ਕੀਤੀਆਂ ਗਈਆਂ ਸਨ ਤੇ ਅਜਿਹੇ ਖੇਕ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਬੇਕਰੀ ਸੰਚਾਲਕ ਸੁਖਚੈਨ ਸਿੰਘ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਕੇਕ ਖਰੀਦਣ ਵਾਲਿਆਂ ਦੀ ਖਾਸ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੀ ਪਤੰਗ ਦੀ ਤਸਵੀਰ ਬਣੇ ਕੇਕ ਤਿਆਰਰ ਕੀਤੇ ਗਏ ਹਨ। ਬਾਕਸ- ਖਜੂਰਾਂ ਦੀ ਖਰੀਦਦਾਰੀ ਕਰਨ ਵਾਲਿਆਂ ਦੀ ਰਹੀ ਰੌਣਕ ਲੋਹੜੀ ਦੇ ਤਿਉਹਾਰ ’ਤੇ ਖਜੂਰ ਨਾਮਕ ਮਠਿਆਈ ਨੂੰ ਖਰੀਦਣ ਲਈ ਹਲਵਾਈਆਂ ਦੀਆਂ ਦੁਕਾਨਾਂ ’ਤੇ ਭਾਰੀ ਰੌਣਕ ਲੱਗੀ ਰਹੀ। ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹਲਵਾਈਆਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਖਜੂਰਾਂ ਬਣਾਉਣ ਦੇ ਵਾਧੂ ਅੱਡੇ ਲਗਾਏ। ਦੱਸਿਆ ਜਾਂਦਾ ਹੈ ਕਿ ਲੋਹੜੀ ਵਾਲੇ ਦਿਨ ਇਸ ਮਠਿਆਈ ਨੂੰ ਖਰੀਦਣ ਦਾ ਪ੍ਰਚਲਣ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਖਾਸ ਮਠਿਆਈ ਕੇਵਲ ਮਾਝਾ ਖੇਤਰ ਵਿਚ ਵੀ ਵਧੇਰੇ ਤਿਆਰ ਹੁੰਦੀ ਹੈ ਤੇ ਇਸ ਦੀ ਖਰੀਦਦਾਰੀ ਘਰਾਂ ਵਿਚ ਖਾਣ ਦੇ ਨਾਲ ਨਾਲ ਇਕ ਦੂਜੇ ਨੂੰ ਤੋਹਫੇ ਵਜੋਂ ਦੇਣ ਲਈ ਵੀ ਕੀਤੀ ਜਾਂਦੀ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੀ ਇਸ ਖਾਸ ਮਠਿਆਈ ਨੂੰ ਖਰੀਦਣ ਲਈ ਦੁਕਾਨਾਂ ’ਤੇ ਪੁੱਜੇ ਲੋਕਾਂ ਕਵਲਜੀਤ ਸਿੰਘ, ਰੁਪਿੰਦਰ ਸਿੰਘ, ਮਨਮੀਤ ਸਿੰਘ ਨੇ ਦੱਸਿਆ ਕਿ ਖਜੂਰ ਨਾਮਕ ਇਸ ਮਠਿਆਈ ਨੂੰ ਗਰਮ ਗਰਮ ਖਾਣ ਦਾ ਕੁਝ ਜਿਆਦਾ ਹੀ ਅਨੰਦ ਆਉਂਦਾ ਹੈ, ਇਸ ਲਈ ਉਹ ਤਾਜ਼ਾ ਬਣਦੀਆਂ ਖਜੂਰਾਂ ਖਰੀਦਣ ਲਈ ਪੁੱਜੇ ਹਨ। ਬਾਕਸ- ਗੰਨੇ ਦੇ ਜੂਸ ਦੀ ਵੀ ਹੋਈ ਖੂਬ ਵਿਕਰੀ ਲੋਹੜੀ ਵਾਲੇ ਦਿਨ ਗੰਨੇ ਦੀ ਰੋਹ ਨਾਲ ਖੀਰ ਬਣਾਉਣ ਦਾ ਪ੍ਰਚਲਨ ਪੁਰਾਣਾ ਆ ਰਿਹਾ ਹੈ। ‘ਪੋਹ ਰਿੱਦਾ, ਮਾਘ ਖਾਦਾ’ ਦੀ ਕਵਾਇਦ ਨੂੰ ਪੂਰਾ ਕਰਨ ਵਾਸਤੇ ਲੋਕ ਗੰਨੇ ਦਾ ਰਸ ਕੱਢਣ ਵਾਲੀਆਂ ਦੁਕਾਨਾਂ ’ਤੇ ਪਹੁੰਚੇ। ਗੰਨੇ ਦਾ ਜੂਸ ਵੇਚਣ ਵਾਲੇ ਇਕ ਬਜੁਰਗ ਦੁਕਾਨਦਾਰ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਗੰਨੇ ਦਾ ਰਸ ਖਰੀਦਣ ਲਈ ਲੋਕ ਵੱਡੀ ਗਿਣਤੀ ਵਿਚ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਰਸ ਦੀ ਖੀਰ ਅਤੇ ਖਿਚੜੀ ਲੋਹੜੀ ਵਾਲੇ ਦਿਨ ਪਕਾ ਕੇ ਮਾਘੀ ਵਾਲੇ ਦਿਨ ਖਾਣ ਦੀ ਰਵਾਇਤ ਚੱਲੀ ਆ ਰਹੀ ਹੈ। ਰੋਹ ਖਰੀਦਣ ਆਏ ਅਮਰਿੰਦਰ ਸਿੰਘ, ਕਾਲਾ, ਸੋਨੂੰ ਆਦਿ ਨੇ ਦੱਸਿਆ ਕਿ ਰਵਾਇਤ ਮੁਤਾਬਿਕ ਖੀਰ ਬਣਾਉਣ ਲਈ ਉਹ ਗੰਨੇ ਦਾ ਜੂਸ ਹਰ ਸਾਲ ਖਰੀਦਦੇ ਹਨ। ਦੂਜੇ ਪਾਸੇ ਰੋਹ ਵਿਕਰੇਤਾਵਾਂ ਨੇ ਦੱਸਿਆ ਕਿ ਪਹਿਲਾਂ ਲੋਕ ਕਈ ਕਈ ਲੀਟਰ ਰੋਹ ਖਰੀਦਦੇ ਸਨ ਪਰ ਹੁਣ ਜਿਆਦਾਤਰ ਬੱਚੇ ਵਿਦੇਸ਼ਾਂ ਵਿਚ ਹਨ ਤੇ ਪਰਿਵਾਰ ਛੋਟੇ ਹੋ ਗਏ। ਜਿਸਦੇ ਚੱਲਦਿਆਂ ਰੋਹ ਦੀ ਲਾਗਤ ਵੀ ਘਟ ਗਈ ਹੈ। ਕੁਝ ਬੱਚੇ ਸ਼ਾਇਦ ਅਜਿਹੇ ਖਾਣੇ ਖਾਣ ਤੋਂ ਵੀ ਪ੍ਰਹੇਜ਼ ਕਰਦੇ ਹੋਣ। ਬਾਕਸ- ਧੁੰਦ ਦੇ ਬਾਵਜੂਦ ਨੌਜਵਾਨਾਂ ਨੇ ਲੋਹੜੀ ਵਾਲੇ ਦਿਨ ਵੀ ਖਰੀਦੀਆਂ ਪਤੰਗਾਂ ਲੋਹੜੀ ਵਾਲਾ ਸਾਰਾ ਦਿਨ ਧੁੰਦ ਦੀ ਮਾਰ ਹੇਠ ਰਿਹਾ। ਜਿਸਦੇ ਚੱਲਦਿਆਂ ਪਤੰਗਬਾਜ਼ ਕਾਪੀ ਨਿਰਾਸ਼ ਨਜ਼ਰ ਆਏ। ਕਿਉਂਕਿ ਨਜਵਾਨਾਂ ਤੇ ਬੱਚਿਆਂ ਵੱਲੋਂ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਨ ਲਈ ਹਜਾਰਾਂ ਰੁਪਏ ਦੀਆਂ ਪਤੰਗਾਂ ਤੇ ਡੋਰ ਆਦਿ ਦੀ ਖਰੀਦਦਾਰੀ ਕੀਤੀ ਗਈ ਸੀ ਪਰ ਮੌਸਮ ਦੇ ਚੱਲਦਿਆਂ ਉਨ੍ਹਾਂ ਦਾ ਸ਼ੌਂਕ ਪੂਰਾ ਹੁੰਦਾ ਤਾਂ ਦਿਖਾਈ ਨਹੀਂ ਦਿੱਤਾ। ਧੁੰਦ ਅਤੇ ਘੱਟ ਹਵਾ ਦੇ ਬਾਵਜੂਦ ਸਾਰਾ ਦਿਨ ਨੌਜਵਾਨ ਤੇ ਬੱਚੇ ਘਰਾਂ ਦੀਆਂ ਛੱਤਾਂ ’ਤੇ ਪਤੰਗਾਂ ਉਡਾ ਕੇ ਆਪਣਾ ਮਨ ਪਰਚਾਵਾ ਕਰਦੇ ਰਹੇ। ਇੰਨਾ ਹੀ ਨਹੀਂ ਖਰਾਬ ਮੌਸਮ ਦੇ ਬਾਵਜੂਦ ਲੋਹੜੀ ਵਾਲੇ ਦਿਨ ਪਤੰਗਾਂ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਹੁੰਦੀ ਰਹੀ।