ਮਾਝਾ ਕਾਲਜ ’ਚ ਲੋਹੜੀ ਦਾ ਤਿਉਹਾਰ ਮਨਾਇਆ
ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਤੇ ਆਧੁਨਿਕ ਸਾਰਥਿਕਤਾ ਸਬੰਧੀ ਜਾਣਕਾਰੀ ਦਿੱਤੀ ਗਈ।
Publish Date: Tue, 20 Jan 2026 04:05 PM (IST)
Updated Date: Wed, 21 Jan 2026 04:00 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ’ਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰਾਂ ਨੇ ਪਰਿਵਾਰਾਂ ਸਮੇਤ ਇਸ ਤਿਉਹਾਰ ’ਚ ਸ਼ਿਰਕਤ ਕੀਤੀ। ਰਵਾਇਤੀ ਰਸਮਾਂ ਨੂੰ ਨਿਭਾਉਂਦੇ ਹੋਏ ਭੁੱਗਾ ਬਾਲ਼ਿਆ ਗਿਆ। ਅਗਨੀ ਦੇ ਸਨਮੁੱਖ ਹੋ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਉੱਦਮ ਆਉਣ ਤੇ ਦਲਿੱਦਰ ਜਾਣ ਦੀਆ ਸ਼ੁਭ ਕਾਮਨਾਵਾਂ ਕੀਤੀਆਂ ਗਈਆਂ। ਕਾਲਜ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਲੋਹੜੀ ਦੇ ਰਵਾਇਤੀ ਗੀਤ ਗਾਉਣ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਮੌਲਿਕ ਗੀਤ ਤੇ ਕਵਿਤਾਵਾਂ ਗਾਈਆਂ ਗਾਈਆਂ।
ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਤੇ ਆਧੁਨਿਕ ਸਾਰਥਿਕਤਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅਨੁਸਾਰ ਇਹ ਤਿਉਹਾਰ ਨਵੇਂ ਸਾਲ ਦੇ ਆਗਮਨ ’ਤੇ ਜ਼ਿੰਦਗੀ ਦੀਆ ਨਵੀਆਂ ਪੈੜਾਂ ਦਾ ਸੂਚਕ ਹੈ। ਵਿਦਿਆਰਥੀਆਂ ’ਚ ਮੂੰਗਫ਼ਲੀ, ਰਿਉੜੀਆਂ ਅਤੇ ਖਜੂਰਾਂ ਵੰਡੀਆਂ ਗਈਆਂ।