- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ।

ਕਿਹਾ- 2027 ਵਿਚ ਆਮ ਆਦਮੀ ਪਾਰਟੀ ਦਾ ਹੋਵੇਗਾ ਮੁਕੰਮਲ ਸਫਾਇਆ
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ’ਚ ਪੰਜਾਬ ’ਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ੍ਹ ਚੁੱਕਾ ਹੈ, ਕਿਉਂਕਿ ਨਸ਼ੇ, ਲੁੱਟਾਂ ਖੋਹਾਂ, ਡਾਕੇ, ਕਤਲੋਗਾਰਤ, ਫ਼ਿਰੌਤੀਆਂ ਦੀ ਮੰਗ, ਗੈਂਗਸਟਰਵਾਦ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦੇ ਨਾਲ-ਨਾਲ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਲੇਕਿਨ ਅੱਜ ਦੇ ਹਾਲਾਤ ਅਨੁਸਾਰ ਨੌਕਰੀਆਂ ਤਾਂ ਨਹੀਂ ਮਿਲ ਰਹੀਆਂ, ਪਰ ਨਸ਼ੇ ਦੀ ਡੋਰ ਟੂ ਡੋਰ ਸਪਲਾਈ ਹੋ ਰਹੀ ਹੈ।
ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿਚ ਆ ਕੇ ਨਸ਼ੇ ਦੀ ਪੂਰਤੀ ਕਰਨ ਲਈ ਚੋਰੀਆਂ, ਡਾਕੇ ਮਾਰਨ ਦੇ ਨਾਲ ਗ਼ਲਤ ਰਸਤੇ ਅਖ਼ਤਿਆਰ ਕਰਕੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਫ਼ਿਰੌਤੀਆਂ ਦੀ ਮੰਗ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ, ਦੁਕਾਨਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਆਏ ਦਿਨ ਕਤਲੋਗਾਰਤ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਰ ਕੇ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ। ਲੇਕਿਨ ਹੁਣ ਉਹੀ ਲੋਕ ਆਪਣੇ ਆਪ ਨੂੰ ਕੋਸ ਰਹੇ ਹਨ, ਕਿਉਂਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਅਤੇ ਵਿਸ਼ਵਾਸਘਾਤ ਕੀਤਾ ਹੈ। ਭੁੱਲਰ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬੇਹੱਦ ਨਿਰਾਸ਼ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਆਮ ਆਦਮੀ ਪਾਰਟੀ ਨੂੰ ਪੰਜਾਬ ਨਾਲ ਹੋਏ ਧੋਖੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ।
ਇਸ ਮੌਕੇ ਯੁਧਵੀਰ ਸਿੰਘ ਸਰਲੀ, ਲਖਵਿੰਦਰ ਸਿੰਘ ਲੱਕੀ ਪਾਗਲ ਸ਼ਹਿਰੀ ਪ੍ਰਧਾਨ, ਚੇਅਰਮੈਂਨ ਭਾਗ ਸਿੰਘ ਚੱਕਵਾਲੀਆ, ਚੇਅਰਮੈਂਨ ਰਮਨ ਕੁਮਾਰ ਝਬਾਲ, ਸਰਪੰਚ ਹੈਪੀ ਬਾਲੇਚੱਕ, ਨਿਸ਼ਾਨ ਸਿੰਘ ਸ਼ਾਨਾ, ਅੰਮ੍ਰਿਤ ਸਿੰਘ ਭੁੱਚਰ, ਹਰਜੋਤ ਸਿੰਘ ਛਾਪਾ, ਅਮਨਸ਼ੇਰ ਸਿੰਘ ਮੰਨਣ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਹੀਰਾ ਸਿੰਘ ਮੱਲ੍ਹੀ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ ਆਦਿ ਹਾਜ਼ਰ ਸਨ।