‘ਮੇਰੀ ਰਸੋਈ’ ਸਕੀਮ ਤਹਿਤ 40 ਲੱਖ ਪਰਿਵਾਰਾਂ ਨੂੰ ਮਿਲੇਗੀ ਸਹੂਲਤ
ਪੰਜਾਬ ਸਰਕਾਰ ਨੇੇ ਸੂਬੇ ਦੇ ਗਰੀਬ, ਮਜ਼ਦੂਰ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਭਲਾਈ ਲਈ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਚੁੱਕਿਆ - ਭੁੱਲਰ
Publish Date: Thu, 26 Feb 2026 04:53 PM (IST)
Updated Date: Fri, 27 Feb 2026 04:05 AM (IST)

ਪੰਜਾਬ ਸਰਕਾਰ ਨੇ ਜ਼ਰੂਰਤਮੰਦ ਪਰਿਵਾਰਾਂ ਦੀ ਭਲਾਈ ਲਈ ਚੁੱਕਿਆ ਇਤਿਹਾਸਕ ਕਦਮ : ਭੁੱਲਰ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਦੇ ਗਰੀਬ, ਮਜ਼ਦੂਰ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਭਲਾਈ ਲਈ ਇਕ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ‘ਮੇਰੀ ਰਸੋਈ’ ਸਕੀਮ ਤਹਿਤ ਲਗਭਗ 40 ਲੱਖ ਪਰਿਵਾਰਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਨਾਲ ਮਹਿੰਗਾਈ ਦੇ ਇਸ ਦੌਰ ਵਿਚ ਘਰ-ਘਰ ਨੂੰ ਵੱਡੀ ਰਾਹਤ ਮਿਲੇਗੀ। ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਕੀਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦਾ ਕੋਈ ਵੀ ਪਰਿਵਾਰ ਅਨਾਜ ਦੀ ਕਮੀ ਕਾਰਨ ਪ੍ਰੇਸ਼ਾਨ ਨਾ ਹੋਵੇ। ਪੰਜਾਬ ਸਰਕਾਰ ਵਲੋਂ ਆਮ ਆਦਮੀ ਦੀਆਂ ਰੋਜ਼ਮਰਾ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਇਹ ਰਾਸ਼ਨ ਕਿੱਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਹਰੇਕ ਯੋਗ ਪਰਿਵਾਰਾਂ ਨੂੰ ਪ੍ਰਤੀ ਮਹੀਨਾ 2 ਕਿਲੋਂ ਮਾਹ ਦੀ ਦਾਲ, 2 ਕਿੱਲੋ ਚੀਨੀ, 1 ਕਿੱਲੋ ਨਮਕ, 200 ਗ੍ਰਾਮ ਹਲਦੀ, 1 ਲੀਟਰ ਸਰੋਂ ਦਾ ਤੇਲ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਕੀਮ ਸਿਰਫ਼ ਰਾਸ਼ਨ ਵੰਡਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਪੰਜਾਬ ਸਰਕਾਰ ਦੀ ਲੋਕ-ਹਿੱਤੀ ਸੋਚ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ। ਸਰਕਾਰ ਚਾਹੁੰਦੀ ਹੈ ਕਿ ਹਰ ਘਰ ਦੀ ਸਮਾਨ ਰਸੋਈ ਚੱਲਦੀ ਰਹੇ ਅਤੇ ਕਿਸੇ ਨੂੰ ਵੀ ਬੁਨਿਆਦੀ ਜ਼ਰੂਰਤਾਂ ਲਈ ਸੰਘਰਸ਼ ਨਾ ਕਰਨਾ ਪਵੇ। ਮੰਤਰੀ ਭੁੱਲਰ ਨੇ ਕਿਹਾ ਕਿ ਸਕੀਮ ਦੀ ਸਫ਼ਲ ਤਾਮੀਲ ਲਈ ਸਬੰਧਿਤ ਵਿਭਾਗਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਰਾਸ਼ਨ ਦੀ ਵੰਡ ਪੂਰੀ ਪਾਰਦਰਸ਼ਤਾ ਅਤੇ ਸਮੇਂ ਬੰਧ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਨਿਗਰਾਨੀ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਕਿਸੇ ਤਰ੍ਹਾਂ ਦੀ ਗੜਬੜ ਦੀ ਸੰਭਾਵਨਾ ਨਾ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਦ੍ਰਿੜ ਨਿਸ਼ਚੇ ਨਾਲ ਅੱਗੇ ਵੱਧ ਰਹੀ ਹੈ। ਭਵਿੱਖ ਵਿਚ ਵੀ ਸੂਬੇ ਦੇ ਵਿਕਾਸ ਅਤੇ ਲੋਕ-ਭਲਾਈ ਲਈ ਇਸੇ ਤਰ੍ਹਾਂ ਦੇ ਹੋਰ ਵੱਡੇ ਫੈਸਲੇ ਲਏ ਜਾਣਗੇ। ਮੰਤਰੀ ਭੁੱਲਰ ਨੇ ਦੱਸਿਆ ਕਿ ਇਹ ਯੋਜਨਾ ਪੰਜਾਬ ਦੇ ਗਰੀਬ ਅਤੇ ਮੱਧਵਰਗ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਦੀ ਜ਼ਿੰਦਗੀ ਵਿਚ ਹਕੀਕਤੀ ਬਦਲਾਅ ਲਿਆਇਆ ਜਾਵੇ।