ਦੋ ਜ਼ੋਨਾਂ ਨੇ ਪਿੰਡਾਂ ’ਚੋਂ ਪੁੱਟੇ ਚਿੱਪ ਵਾਲੇ ਮੀਟਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦੋ ਜੋਨਾਂ ਨੇ ਪਿੰਡਾਂ ਵਿਚੋਂ ਪੁੱਟੇ ਚਿੱਪ ਵਾਲੇ ਮੀਟਰ
Publish Date: Thu, 22 Jan 2026 06:20 PM (IST)
Updated Date: Fri, 23 Jan 2026 04:12 AM (IST)

ਫੋਕਲ ਪੁਆਇੰਟ ਸਬ ਡਵੀਜ਼ਨ ਤਰਨਤਾਰਨ ’ਚ ਪਹੁੰਚ ਕੇ ਆਗੂਆਂ ਕਰਵਾਏ ਜਮ੍ਹਾਂ ਬਿਜਲੀ ਦੇ ਨਿੱਜੀਕਰਨ ਵੱਲ ਵੱਧਦੇ ਸਰਕਾਰਾਂ ਦੇ ਕਦਮ ਰੋਕਣ ਦਾ ਦਿੱਤਾ ਸੱਦਾ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਰਨ ਦੇ ਦੋ ਜੋਨਾਂ ਜੋਨ ਬਾਬਾ ਬੀਰ ਸਿੰਘ ਤੇ ਜੋਨ ਸ੍ਰੀ ਗੁਰੂ ਅਰਜਨ ਦੇਵ ਵਲੋਂ ਵੀਰਵਾਰ ਨੂੰ ਪਿੰਡਾਂ ਵਿੱਚੋਂ ਚਿੱਪ ਵਾਲੇ ਮੀਟਰ ਪੁੱਟ ਕੇ ਸਬ ਡਵੀਜ਼ਨ ਫੋਕਲ ਪੁਆਇੰਟ ਤਰਨਤਾਰਨ ਦੇ ਐੱਸਡੀਓ ਨੂੰ ਦੇ ਦਿੱਤੇ ਗਏ ਅਤੇ ਨਾਲ ਹੀ ਬਿਜਲੀ ਦੇ ਨਿੱਜੀਕਰਨ ਦੇ ਖਿਲਾਫ਼ ਆਪਣਾ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ, ਨਿਸ਼ਾਨ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਬਿਜਲੀ ਅੱਜ ਆਮ ਲੋਕਾਂ ਦੀ ਜ਼ਰੂਰਤ ਬਣ ਚੁੱਕੀ ਹੈ ਤੇ ਹਰ ਇਨਸਾਨ ਇਸ ਦੀ ਵਰਤੋਂ ਕਰਦਾ ਹੈ। ਜਦ ਭਾਰਤ ਦੇਸ਼ ਆਜ਼ਾਦ ਹੋਇਆ ਸੀ ਤਾਂ 1948 ਵਿਚ ਬਿਜਲੀ ਐਕਟ ਹੋਂਦ ’ਚ ਆਇਆ ਸੀ, ਜਿਸ ਦੀਆਂ ਮੱਦਾਂ ਵਿਚ ਬਿਜਲੀ ਆਮ ਲੋਕਾਂ ਨੂੰ ਬਿਨ੍ਹਾਂ ਮੁਨਾਫੇ ਤੇ ਬਿਨ੍ਹਾਂ ਹਾਨੀ ਦੇ ਦਿੱਤੀ ਜਾਵੇਗੀ, ਕੁਝ ਠੀਕ ਚਲਦਾ ਰਿਹਾ ਪਰ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ 1991 ਵਿਚ ਬਿਜਲੀ ਨੂੰ ਨਿੱਜੀਕਰਨ ਵੱਲ ਧੱਕਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਹੌਲੀ ਹੌਲੀ 2010 ਵਿਚ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਉੱਤੇ ਪੰਜਾਬ ਰਾਜ ਬਿਜਲੀ ਬੋਰਡ ਤੋੜ ਕੇ ਇਸ ਦੇ ਦੋ ਨਿਗਮ ਬਣਾ ਦਿੱਤੇ। 2020 ਵਿਚ ਕੋਰੋਨਾ ਦੌਰ ਤੋਂ ਪਹਿਲਾਂ ਸਰਕਾਰ ਨੇ ਬਿਜਲੀ ਐਕਟ 2020 ਤੇ ਹੋਰ ਕਾਲੇ ਕਾਨੂੰਨ ਲਿਆਂਦੇ ਜੋ ਕਿਸਾਨੀ ਸੰਘਰਸ਼ਾਂ ਨੇ ਪਿੱਛੇ ਧੱਕ ਦਿੱਤੇ ਪਰ ਹੁਣ ਫਿਰ ਤੋਂ ਬਿਜਲੀ ਐਕਟ 2020 ਲਿਆਂਦਾ ਗਿਆ, ਜਿਸ ਵਿਚ ਚਿੱਪ ਵਾਲੇ ਮੀਟਰ ਲਗਾਉਣਾ, ਪੰਜ ਪਿੰਡਾਂ ਦੇ ਕਲਸਟਰ ਬਣਾ ਕੇ ਪੂਰੀ ਤਰ੍ਹਾਂ ਬਿਜਲੀ ਦੇ ਪ੍ਰਬੰਧ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣਾ, ਕੋਈ ਸਰਕਾਰੀ ਭਰਤੀ ਨਾ ਕਰਨਾ ਤੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਰਕਾਰੀ ਜ਼ਮੀਨਾਂ ਜੋ ਮਤੇ ਪਾ ਕੇ ਪੰਚਾਇਤਾਂ ਵਲੋਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਵੇਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਪੰਜਾਬ ਭਰ ਪਿੰਡਾਂ ਵਿਚ ਚਿੱਪ ਵਾਲੇ ਮੀਟਰ ਪੁੱਟ ਕੇ ਸੁੱਟੇ ਜਾ ਰਹੇ ਹਨ ਤੇ ਕਿਸੇ ਵੀ ਕੀਮਤ ਉੱਤੇ ਬਿਜਲੀ ਦਾ ਨਿਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ ਨਿੱਜੀਕਰਨ ਹੁੰਦਾ ਹੈ ਤਾਂ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਸਮਾਜ ਵਿਚ ਅਸ਼ਾਂਤੀ ਫੈਲੇਗੀ। ਇਸ ਮੌਕੇ ਸੁਖਦੇਵ ਸਿੰਘ ਸ਼ਹਾਬਪੁਰ, ਗੁਰਸੇਵਕ ਸਿੰਘ ਅਲਾਵਲਪੁਰ, ਗੁਰਦਿਆਲ ਸਿੰਘ ਨੌਰੰਗਾਬਾਦ, ਬਲਜੀਤ ਸਿੰਘ ਬੇਗਮਪੁਰ, ਗੁਰਜੀਤ ਸਿੰਘ ਪੰਡੋਰੀ ਗੋਲਾ, ਅਮਨਦੀਪ ਸਿੰਘ ਸੇਰੋਂ, ਸੁਖਦੇਵ ਸਿੰਘ ਦੀਨਪੁਰ, ਲੱਖਾ ਸਿੰਘ ਸੰਘੇ, ਰਘਬੀਰ ਸਿੰਘ ਰੈਸੀਆਣਾ, ਹਰਪ੍ਰੀਤ ਸਿੰਘ ਬੰਗਾਲੀਪੁਰ, ਤਜਿੰਦਰਪਾਲ ਸਿੰਘ ਰਸੂਲਪੁਰ ਆਦਿ ਆਗੂ ਹਾਜ਼ਰ ਸਨ।