ਪੀਐੱਮ ਕਿਸਾਨ ਯੋਜਨਾ ਤੇ ਹੋਰ ਸਕੀਮਾਂ ਦਾ ਲਾਭ ਲੈਣ ਲਈ ਫਾਰਮਰ ਆਈਡੀ ਜ਼ਰੂਰੀ : ਡਾ. ਯਾਦਵਿੰਦਰ ਸਿੰਘ
ਫਾਰਮਰ ਆਈਡੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ ਨੇ ਕੀਤਾ ਜਾਗਰੂਕ
Publish Date: Thu, 19 Mar 2026 05:21 PM (IST)
Updated Date: Fri, 20 Mar 2026 04:07 AM (IST)

ਫਾਰਮਰ ਆਈਡੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ ਨੇ ਕੀਤਾ ਜਾਗਰੂਕ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਖਡੂਰ ਸਾਹਿਬ : ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਚਲਾਈਆਂ ਜਾਂਦੀਆਂ ਹੋਰ ਸਕੀਮਾਂ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ਫਾਰਮਰ ਰਜਿਸਟਰੀ ਕੈਂਪ ਵਿਚ ਆਪਣੀ ਰਜਿਸਟ੍ਰੇਸ਼ਨ ਲਾਜ਼ਮੀ ਕਰਵਾਏ। ਇਹ ਜਾਣਕਾਰੀ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਲਗਾਏ ਗਏ ਫਾਰਮਰ ਰਜਿਸਟਰੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਕੈਂਪ ਦੌਰਾਨ ਖੇਤੀਬਾੜੀ ਅਧਿਕਾਰੀਆਂ ਨੇ ਦਿੱਤੀ। ਇਸ ਮੌਕੇ ਡਾ.ਯਾਦਵਿੰਦਰ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਕੇਵਲ ਉਨ੍ਹਾਂ ਹੀ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰ ਲਈ ਹੋਵੇਗੀ। ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਦੀ ਇਕ ਵਿਲੱਖਣ ਕਿਸਾਨ ਆਈਡੀ ਤਿਆਰ ਕੀਤੀ ਜਾਵੇਗੀ। ਇਸ ਆਈਡੀ ਨੂੰ ਕਿਸਾਨ ਦੇ ਮੌਜੂਦਾ ਪੀਐੱਮ ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੌਖਾ ਹੋ ਜਾਵੇਗਾ। ਡਾ. ਯਾਦਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਰੇ ਕਿਸਾਨਾਂ ਲਈ ਕਿਸਾਨ ਰਜਿਸਟਰੀ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ, ਇਸ ਵਿਚ ਆਧਾਰ-ਲਿੰਕਡ ਜ਼ਮੀਨੀ ਰਿਕਾਰਡ ਰਾਹੀਂ 11 ਅੰਕਾਂ ਦੀ ਯੂਨੀਕ ਫਾਰਮਰ ਆਈਡੀ ਬਣਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਆਈਡੀ ਬਣਾਉਣ ਲਈ ਲੋੜੀਂਦੇ ਦਸਤਾਵੇਜ਼ ਆਧਾਰ ਕਾਰਡ, ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ, ਜ਼ਮੀਨ ਦੀ ਫਰਦ-ਖਸਰਾ ਨੰਬਰ, ਬੈਂਕ ਖਾਤਾ ਤੇ ਪਾਸਪੋਰਟ ਸਾਈਜ਼ ਫੋਟੋ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਫਾਇਦਾ ਪੀਐੱਮ ਕਿਸਾਨ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇਹ ਰਜਿਸਟਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਵੇਗੀ, ਉਨ੍ਹਾਂ ਦੀਆਂ ਭਵਿੱਖ ਦੀਆਂ ਸਾਰੀਆਂ ਕਿਸ਼ਤਾਂ ਰੁਕ ਸਕਦੀਆਂ ਹਨ । ਡਾ. ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਆਪਣੀ ਜ਼ਮੀਨ ਦਾ ਜੈਵਿਕ ਮਾਦਾ ਵਧਾ ਸਕਦੇ ਹਨ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਅਤੇ ਮਿੱਤਰ ਕੀੜੇ ਨਹੀਂ ਮਰਦੇ। ਉਨ੍ਹਾਂ ਨੇ ਕਿਸਾਨਾਂ ਨੂੰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਗੁਰਪ੍ਰਤਾਪ ਸਿੰਘ, ਧਰਮਵੀਰ ਸਿੰਘ, ਅੰਗਰੇਜ਼ ਸਿੰਘ, ਮੁਖਤਾਰ ਸਿੰਘ ,ਗੁਰਵੇਲ ਸਿੰਘ, ਸਤਨਾਮ ਸਿੰਘ ਅਤੇ ਪਿੰਡ ਵੜਿੰਗ ਦੇ ਕਿਸਾਨ ਹਾਜ਼ਰ ਸਨ।