ਠੰਢ ’ਚ ਸਾਵਧਾਨੀਆਂ ਵਰਤ ਕੇ ਬੱਚਿਆਂ ਨੂੰ ਰੱਖੋ ਤੰਦਰੁਸਤ
ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਵੱਧ ਤੋਂ ਵੱਧ ਪਿਆਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ਵਿਚ ਵਧੇਰੇ ਊਰਜਾ ਦਾ ਸੰਚਾਰ ਹੁੰਦਾ ਹੈ।
Publish Date: Sun, 11 Jan 2026 06:42 PM (IST)
Updated Date: Mon, 12 Jan 2026 04:13 AM (IST)

ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਉੱਤਰੀ ਭਾਰਤ ਵਿਚ ਇਸ ਵੇਲੇ ਠੰਢ ਦਾ ਪ੍ਰਕੋਪ ਜਾਰੀ ਹੈ। ਜਿਸ ਕਾਰਨ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ, ਖਾਸ ਕਰਕੇ ਠੰਢ ਕਾਰਨ ਛੋਟੇ ਬੱਚਿਆਂ ਦੀ ਸਿਹਤ ਸਭ ਤੋਂ ਵਧੇਰੇ ਖ਼ਰਾਬ ਹੁੰਦੀ ਹੈ। ਬੱਚਿਆਂ ਨੂੰ ਸਰਦੀ ਤੋਂ ਬਚਾਉਣ ਤੇ ਸਿਹਤਮੰਦ ਰੱਖਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਅਜਿਹੇ ਵਿਚ ਮਾਪੇ ਕੁਝ ਸਾਵਧਾਨੀਆਂ ਵਰਤ ਕੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਸਕਦੇ ਹਨ। ਇਹ ਪ੍ਰਗਟਾਵਾ ਚਾਈਲਡ ਕੇਅਰ ਸੈਂਟਰ ਦੇ ਡਾਕਟਰ ਗਵਿਸ਼ ਭਾਰਦਵਾਜ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਦਾ ਸਰੀਰ ਨਾਜ਼ੁਕ ਹੁੰਦਾ ਹੈ, ਉਹ ਅਜੇ ਸਰਦੀ ਬਰਦਾਸ਼ਤ ਕਰਨ ਲਈ ਤਿਆਰ ਹੋ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਵੱਧ ਤੋਂ ਵੱਧ ਪਿਆਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ਵਿਚ ਵਧੇਰੇ ਊਰਜਾ ਦਾ ਸੰਚਾਰ ਹੁੰਦਾ ਹੈ। ਬੱਚੇ ਨੂੰ ਪਾਣੀ ਖੂਬ ਪਿਲਾਓ, ਕਿਉਂਕਿ ਗਲਾ ਸੁੱਕਣ ਨਾਲ ਖਾਂਸੀ ਤੇ ਬੁਖਾਰ ਹੋ ਜਾਂਦਾ ਹੈ। ਬੱਚਿਆਂ ਨੂੰ ਕੋਲਡ ਡ੍ਰਿਕ, ਠੰਢਾ ਪਾਣੀ ਤੇ ਬਾਜ਼ਾਰੂ ਖਾਣ ਪੀਣ ਤੋਂ ਦੂਰ ਰੱਖੋ। ਛੋਟੇ ਬੱਚਿਆਂ ਨੂੰ ਭੀੜ ਭਾੜ ਵਾਲੀਆਂ ਥਾਵਾਂ, ਵਿਆਹ, ਸ਼ਾਂਦੀ ਵਿਚ ਘੱਟ ਤੋਂ ਘੱਟ ਲਿਜਾਓ। ਬੱਚਿਆਂ ਨੂੰ ਹਰੀਆਂ ਸਬਜ਼ੀਆਂ ਤੇ ਫਲ ਖੁਆਓ। ਜੇਕਰ ਬੱਚੇ ਦੇ ਸਰੀਰ ਦਾ ਤਾਪਮਾਨ ਵੱਧਦਾ ਮਹਿਸੂਸ ਹੋਵੇ, ਤਾਂ ਤੁਰੰਤ ਇਸ ਦੀ ਜਾਂਚ ਕਰਵਾਓ। ਜੇਕਰ ਇਹ ਵੱਧ ਹੋਵੇ ਤਾਂ ਬਿਨ੍ਹਾਂ ਕਿਸੇ ਦੇਰੀ ਦੇ ਡਾਕਟਰੀ ਸਹਾਇਤਾ ਲਵੋ। ਬੁਖਾਰ ਆਦਿ ਦੀ ਦਵਾ ਸਮੇਂ ਸਿਰ ਬੱਚੇ ਨੂੰ ਦਿਉ ਤੇ ਕੋਈ ਵੀ ਦਵਾਈ ਦਾ ਕੋਰਸ ਵਿਚਾਲੇ ਨਾ ਛੱਡੋ। ਬੱਚਿਆਂ ਨੂੰ ਗਰਮਾ ਗਰਮ ਖਾਣਾ ਖੁਆਓ, ਫਰਿੱਜ਼ ਵਿਚ ਪਇਆ ਠੰਢਾ ਬੇਹਾ ਖਾਣਾ ਬੱਚਿਆਂ ਨੂੰ ਕਦੇ ਨਾ ਖੁਆਓ। ਸਰਦੀਆਂ ਦੇ ਮੌਸਮ ’ਚ ਬੱਚਿਆਂ ਨੂੰ ਪੰਜੀਰੀ, ਖੋਆ, ਗਜਰੇਲਾ ਜਿਹੀਆਂ ਪ੍ਰ੍ਰੰਪਰਾਗਤ ਤੇ ਸਿਹਤ-ਵਰਧਕ ਚੀਜ਼ਾਂ ਖਾਣ ਲਈ ਦਿਉ। ਛੋਟੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਬਹੁਤ ਜ਼ਰੂਰੀ ਹੈ। ਸਮੇਂ-ਸਮੇਂ ’ਤੇ ਹਰ ਤਰ੍ਹਾਂ ਦੇ ਟੀਕੇ ਲਗਾਉਣੇ ਚਾਹੀਦੇ ਹਨ। ਡਾਕਟਰ ਗਵਿਸ਼ ਨੇ ਕਿਹਾ ਸਰਦੀਆਂ ਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਉਨ੍ਹਾਂ ਦੇ ਗਰਮ ਕੱਪੜੇ ਸਵੈਟਰ, ਜੈਕਟ, ਟੋਪੀਆਂ, ਦਸਤਾਨੇ ਅਤੇ ਜੁਰਾਬਾਂ ਜ਼ਰੂਰ ਪਾਉ। ਇਸ ਨਾਲ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਬਰਕਰਾਰ ਰਹਿੰਦਾ ਅਤੇ ਠੰਡ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ। ਸਰਦੀਆਂ ਚ ਬੱਚਿਆਂ ਦੇ ਸਰੀਰ ਦੀ ਕਿਸੇ ਵੀ ਕੁਦਰਤੀ ਤੇਲ ਨਾਲ ਮਾਲਿਸ਼ ਜ਼ਰੂਰ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਚ ਸੁਧਾਰ ਹੁੰਦਾ ਹੈ। ਡਾਕਟਰ ਗਵਿਸ਼ ਨੇ ਕਿਹਾ ਇਸ ਤਰ੍ਹਾਂ ਸਾਵਧਾਨੀਆਂ ਵਰਤ ਕੇ ਅਸੀਂ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖ ਸਕਦੇ ਹਾਂ।