ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਗੁਰਕੀਰਤ ਸਿੰਘ ਦਾ ‘ਤਾਊਜ’ ਭੇਟ ਕਰਕੇ ਕੀਤਾ ਸਨਮਾਨ
ਗੁਰਮਤਿ ਸੰਗੀਤ ਸਿੱਖਣਾ ਸਿਰਫ਼ ਸੁਰਾਂ ਦੀ ਸਾਧਨਾ ਹੀ ਨਹੀਂ, ਸਗੋਂ ਆਤਮਿਕ ਉਚਾਈ ਅਤੇ ਸਿੱਖ ਵਿਰਾਸਤ ਨਾਲ ਜੁੜਨ ਦਾ ਮਹੱਤਵਪੂਰਨ ਸਾਧਨ ਹੈ।
Publish Date: Sun, 25 Jan 2026 07:28 PM (IST)
Updated Date: Mon, 26 Jan 2026 04:14 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਭਿੱਖੀਵਿੰਡ ਨਿਵਾਸੀ ਗੁਰਕੀਰਤ ਸਿੰਘ ਜੋ ਕਿ ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਦਾ ਛੇਵੀਂ ਜਮਾਤ ਦਾ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀ ਹੈ। ਗੁਰਮਤਿ ਸੰਗੀਤ ਵਿਚ ਤੰਤੀ ਸਾਜਾਂ ਦੀ ਸਿੱਖਿਆ ਨੂੰ ਬੜੀ ਲਗਨ, ਨਿਸ਼ਠਾ ਅਤੇ ਨਿਰੰਤਰ ਅਭਿਆਸ ਨਾਲ ਸਿੱਖ ਰਿਹਾ ਹੈ। ਛੋਟੀ ਉਮਰ ਵਿਚ ਹੀ ਉਸ ਵਲੋਂ ਗੁਰਮਤਿ ਸੰਗੀਤ ਪ੍ਰਤੀ ਦਿਖਾਈ ਜਾ ਰਹੀ ਗੰਭੀਰ ਦਿਲਚਸਪੀ ਅਤੇ ਅਨੁਸ਼ਾਸਨ ਨੂੰ ਦੇਖਦਿਆਂ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਵਲੋਂ ਉਸ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਲੋੜ੍ਹਵੰਦ ਵਿਦਿਆਰਥੀਆਂ ਦੀ ਉੱਚ ਵਿਦਿਆ ਪ੍ਰਾਪਤੀ ਵਿਚ ਵੀ ਯੋਗਦਾਨ ਪਾਉਂਦਾ ਹੈ ਅਤੇ ਪਾਠਕ੍ਰਮ ਹੀ ਨਹੀਂ, ਸਗੋਂ ਖੇਡਾਂ, ਧਾਰਮਿਕ ਅਤੇ ਹੋਰ ਗਤੀਵਿਧੀਆਂ ਵਿਚ ਅੱਵਲ ਰਹਿਣ ਵਾਲੇ ਲੋੜਵੰਦ ਵਿਦਿਆਰਥੀਆਂ ਦੀ ਵੀ ਹੌਸਲਾ ਅਫਜ਼ਾਈ ਅਤੇ ਮੱਦਦ ਕਰਦਾ ਹੈ, ਤਾਂ ਜੋ ਕੋਈ ਵੀ ਪ੍ਰਤਿਭਾ ਆਰਥਿਕ ਕਾਰਨਾਂ ਕਰਕੇ ਪਿੱਛੇ ਨਾ ਰਹਿ ਜਾਵੇ। ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਵੱਲੋਂ ਗੁਰਕੀਰਤ ਸਿੰਘ ਨੂੰ ਤੰਤੀ ਸਾਜ “ਤਾਊਜ” ਭੇਟ ਕੀਤਾ ਗਿਆ। ਇਹ ਸਨਮਾਨ ਸਕੂਲ ਦੇ ਚੀਫ ਡਾਇਰੈਕਟਰ ਬੁੱਢਾ ਸਿੰਘ ਵੱਲੋਂ ਆਪਣੇ ਹੱਥੀਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਗੁਰਕੀਰਤ ਸਿੰਘ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਸਿੱਖਣਾ ਸਿਰਫ਼ ਸੁਰਾਂ ਦੀ ਸਾਧਨਾ ਹੀ ਨਹੀਂ, ਸਗੋਂ ਆਤਮਿਕ ਉਚਾਈ ਅਤੇ ਸਿੱਖ ਵਿਰਾਸਤ ਨਾਲ ਜੁੜਨ ਦਾ ਮਹੱਤਵਪੂਰਨ ਸਾਧਨ ਹੈ। ਇਸ ਮੌਕੇ ਉਸਤਾਦ ਅਧਿਆਪਕ ਜਸਵਿੰਦਰ ਸਿੰਘ ਨੇ ਦੱਸਿਆਂ ਕਿ ਗੁਰਕੀਰਤ ਸਿੰਘ ਨਿਰੰਤਰ ਅਭਿਆਸ ਕਰਦਾ ਹੈ ਅਤੇ ਤੰਤੀ ਸਾਜਾਂ ਨੂੰ ਸਮਝਣ ਵਿਚ ਖ਼ਾਸ ਰੁਚੀ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਇਹ ਲਗਨ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਆਪਣੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਣ ਕਲਾ ਅਤੇ ਰੁਚੀ ਦੇ ਆਧਾਰ ‘ਤੇ ਅਕਸਰ ਇਸੇ ਤਰ੍ਹਾਂ ਸਨਮਾਨਿਤ ਕਰਦਾ ਰਹਿੰਦਾ ਹੈ, ਤਾਂ ਜੋ ਬੱਚਿਆਂ ਵਿਚ ਆਪਣੀ ਯੋਗਤਾ ਨੂੰ ਨਿਖਾਰਨ ਅਤੇ ਅੱਗੇ ਵੱਧਣ ਦਾ ਉਤਸ਼ਾਹ ਬਣਿਆ ਰਹੇ। ਸਨਮਾਨ ਪ੍ਰਾਪਤੀ ਮੌਕੇ ਗੁਰਕੀਰਤ ਸਿੰਘ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਅਧਿਆਪਕਾਂ ਅਤੇ ਆਪਣੇ ਮਾਤਾ–ਪਿਤਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਹੋਰ ਮਿਹਨਤ ਕਰਨ ਦਾ ਸੰਕਲਪ ਜ਼ਾਹਿਰ ਕੀਤਾ। ਇਸ ਮੌਕੇ ਗੁਰਕੀਰਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਕੂਲ ਵਲੋਂ ਮਿਲ ਰਹੇ ਇਸ ਤਰ੍ਹਾਂ ਦੇ ਸਹਿਯੋਗ ਅਤੇ ਸਨਮਾਨ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉਹ ਆਪਣੀ ਮਨਪਸੰਦ ਕਲਾ ਵਿਚ ਹੋਰ ਨਿਖਾਰ ਲਿਆਉਂਦੇ ਹਨ।