ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਦਿੱਤਾ ਥਾਣਾ ਭਿੱਖੀਵਿੰਡ ਅੱਗੇ ਧਰਨਾ
ਧਰਨੇ ਦੇ ਅੰਤ ’ਚ ਐੱਸਪੀ ਬਲਜੀਤ ਸਿੰਘ ਭੁੱਲਰ ਨੇ ਧਰਨੇ ’ਚ ਪਹੁੰਚ ਕੇ ਧਰਨਾਕਾਰੀਆਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ
Publish Date: Sat, 04 Apr 2026 04:50 PM (IST)
Updated Date: Sun, 05 Apr 2026 04:02 AM (IST)
ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਵਧ ਰਹੇ ਨਸ਼ਿਆਂ ਖ਼ਿਲਾਫ਼ ਭਿੱਖੀਵਿੰਡ ਦੇ ਬਾਜ਼ਾਰਾਂ ’ਚ ਰੋਸ ਮਾਰਚ ਕਰ ਕੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਫ਼ਨ ਬੋਲ ਪਿਆ ਦੇ ਆਗੂ ਜਗਤਾਰ ਸਿੰਘ ਸਿੱਧਵਾਂ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਵਾਂ ਨੇ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕੇਵਲ ਸਿੰਘ ਕੰਬੋਕੇ ਅਤੇ ਮੁਖਤਿਆਰ ਸਿੰਘ ਪੱਟੀ ਨੇ ਕਿਹਾ ਕਿ ਥਾਣਾ ਭਿੱਖੀਵਿੰਡ ਦੀ ਹੱਦ ਅੰਦਰ ਨਸ਼ਿਆਂ ਦਾ ਬੋਲਬਾਲਾ ਹੈ, ਵਧ ਰਹੇ ਨਸ਼ੇ ਦੇ ਨਾਲ ਲੋਕਾਂ ਦੇ ਪੁੱਤ ਮੌਤ ਦੇ ਮੂੰਹ ’ਚ ਜਾ ਰਹੇ ਹਨ। ਭਿੱਖੀਵਿੰਡ ਦੀ ਪੁਲਿਸ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ ਤੇ ਨਸ਼ੇ ਵੇਚਣ ਵਾਲਿਆਂ ਦੀ ਪਿੱਠ ਥਾਪੜੀ ਜਾ ਰਹੀ ਹੈ।
ਆਗੂਆਂ ਨੇ ਐੱਸਐੱਸਪੀ ਤਰਨਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਕਿਸੇ ਉੱਚ ਅਫ਼ਸਰ ਤੋਂ ਜਾਂਚ ਕਰਵਾ ਕੇ ਨਸ਼ੇ ਦੇ ਮਾਮਲੇ ’ਚ ਸ਼ਾਮਿਲ ਪੁਲਿਸ ਕਰਮਚਾਰੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਧਰਨੇ ਦੇ ਅੰਤ ’ਚ ਐੱਸਪੀ ਬਲਜੀਤ ਸਿੰਘ ਭੁੱਲਰ ਨੇ ਧਰਨੇ ’ਚ ਪਹੁੰਚ ਕੇ ਧਰਨਾਕਾਰੀਆਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ ਤਾਂ ਜਾ ਕੇ ਧਰਨਾ ਸਮਾਪਤ ਹੋਇਆ।
ਧਰਨੇ ਦੇ ਅੰਤ ’ਚ ਜਥੇਬੰਦੀਆਂ ਵੱਲੋਂ ਐੱਸਐੱਚਓ ਭਿੱਖੀਵਿੰਡ ਦਾ ਪੁਤਲਾ ਵੀ ਸਾੜਿਆ ਗਿਆ। ਜਥੇਬੰਦੀਆਂ ਵੱਲੋਂ ਐੱਸਐੱਚਓ ਭਿੱਖੀਵਿੰਡ ਦੇ ਵੱਖ-ਵੱਖ ਪਿੰਡਾਂ ’ਚ 8 ਦਿਨ ਲਗਾਤਾਰ ਪੁਤਲੇ ਸਾੜੇ ਜਾਣ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਜਥੇਬੰਦੀਆਂ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਬਲਦੇਵ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਪ੍ਰੀਤ ਸਿੰਘ ਸਿੱਧਵਾਂ ਪ੍ਰਧਾਨ ਟਰੱਕ ਯੂਨੀਅਨ, ਸਰਬਜੀਤ ਸਿੰਘ ਜੰਡ, ਸੰਦੀਪ ਸਿੰਘ ਮਨਿਆਲਾ ਆਦਿ ਵੀ ਹਾਜ਼ਰ ਸਨ।