ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਖਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਕੀਤੀ ਚੈਕਿੰਗ
ਤਰਨਤਾਰਨ ਦੇ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ’ਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਸਬੰਧੀ ਚੈਕਿੰਗ ਕੀਤੀ ਗਈ।
Publish Date: Mon, 13 Apr 2026 07:16 PM (IST)
Updated Date: Tue, 14 Apr 2026 04:10 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਡਾਇਰੈਕਟਰ ਖੇਤੀਬਾੜੀ ਇਨਪੁਟਸ ਪੰਜਾਬ ਡਾ. ਗੁਰਨਾਮ ਸਿੰਘ ਨੇ ਆਪਣੀ ਟੀਮ ਡਾ. ਗਿਰਜੇਸ਼ ਭਾਰਗਵ ਮੁੱਖ ਖਾਦ ਇੰਸਪੈਕਟਰ, ਹਰਪ੍ਰੀਤ ਸਿੰਘ ਏਡੀਓ ਅਤੇ ਜ਼ਿਲ੍ਹਾ ਤਰਨਤਾਰਨ ਦੇ ਖੇਤੀ ਅਧਿਕਾਰੀਆਂ ਸਮੇਤ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਤਰਨਤਾਰਨ ਦੇ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ’ਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਸਬੰਧੀ ਚੈਕਿੰਗ ਕੀਤੀ ਗਈ। ਡਾ. ਗੁਰਨਾਮ ਸਿੰਘ ਨੇ ਇਸ ਮੌਕੇ ਦੱਸਿਆ ਕਿ ਪੰਜਾਬ ’ਚ ਲਗਾਤਾਰ ਯੂਰੀਆ ਖਾਦ ਦੀ ਵਰਤੋਂ ਵੱਧ ਰਹੀ ਹੈ ਤੇ ਅਤੇ ਵੇਖਣ ਵਿਚ ਆਇਆ ਹੈ ਕਿ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਫੀਡ ਤੇ ਪਲਾਈਵੁੱਡ ਇੰਡਸਟਰੀ ’ਚ ਸੰਭਵ ਹੈ, ਜੋ ਕਿ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇੰਡਸਟਰੀਆਂ ’ਚ ਯੂਰੀਆ ਖਾਦ ਦੀ ਵਰਤੋਂ ਨੂੰ ਰੋਕਣ ਸਬੰਧੀ ਪੂਰੇ ਪੰਜਾਬ ’ਚ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਲੜੀ ਤਹਿਤ ਜ਼ਿਲ੍ਹਾ ਤਰਨਤਾਰਨ ਵਿਚ ਅੱਜ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਨੇ ਆਪਣੀ ਟੀਮ ਸਹਿਤ ਝਬਾਲ ਸਥਿਤ ਪਲਾਈਵੁੱਡ ਇੰਡਸਟਰੀ ਤੇ ਬਲਾਕ ਭਿੱਖੀਵਿੰਡ ਦੇ ਸਮੂਹ ਖ਼ਾਦ ਵਿਕ੍ਰੇਤਾਵਾਂ ਦੀ ਚੈਕਿੰਗ ਕੀਤੀ ਤੇ ਮੁੱਖ ਖੇਤੀਬਾੜੀ ਅਫ਼ਸਰ, ਤਰਨਤਾਰਨ ਡਾ. ਤੇਜ਼ਬੀਰ ਸਿੰਘ ਭੰਗੂ ਨੇ ਬਲਾਕ ਪੱਟੀ ਦੇ ਖ਼ਾਦ ਵਿਕ੍ਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀਆਂ ਦੀ ਚੈਕਿੰਗ ਕੀਤੀ। ਉਨ੍ਹਾਂ ਸਮੂਹ ਖ਼ਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੀਓਐੱਸ ਮਸ਼ੀਨਾਂ ਵਿਚੋਂ ਸਟਾਕ ਕਲੀਅਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਲੋੜ ਅਨੁਸਾਰ ਹੀ ਖ਼ਾਦ ਦਿੱਤੀ ਜਾਵੇ ਤੇ ਫਾਲਤੂ ਖ਼ਾਦ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ। ਜੇਕਰ ਕੋਈ ਵੀ ਖ਼ਾਦ ਵਿਕਰੇਤਾ ਯੂਰੀਆ ਖਾਦ ਫੀਡ ਅਤੇ ਪਲਾਈਵੁੱਡ ਇੰਡਸਟਰੀਆਂ ਨੂੰ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੰਯੁਕਤ ਡਾਇਰੈਕਟਰ ਡਾ. ਗੁਰਨਾਮ ਸਿੰਘ ਵੱਲੋਂ ਸਮੂਹ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸਮੂਹ ਖ਼ਾਦ ਵਿਕ੍ਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਤੇ ਜੇਕਰ ਕਿਸੇ ਇੰਡਸਟਰੀ ਵਿਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਹੁੰਦੀ ਪਾਈ ਜਾਂਦੀ ਹੈ, ਤਾਂ ਉਸ ਇੰਡਸਟਰੀ ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਸੀਜ਼ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ ਤੇ ਜ਼ਿਲ੍ਹਾ ਤਰਨਤਾਰਨ ’ਚ ਖ਼ਾਦ ਦੀ ਫਾਲਤੂ ਵਿਕਰੀ ਤੇ ਇੰਡਸਟਰੀ ’ਚ ਕੀਤੀ ਜਾ ਰਹੀ ਗੈਰ ਕਾਨੂੰਨੀ ਵਰਤੋਂ ਨੂੰ ਬਿਲਕੁਲ ਰੋਕਿਆ ਜਾਵੇਗਾ ਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।