ਸਮਾਜ ਨੂੰ ਸੇਧ ਦੇਣ ਵਾਲੀਆਂ ਚੰਗੀਆਂ ਪੁਸਤਕਾਂ ਪੜ੍ਹਨ ਵੱਲ ਰੁਚੀ ਪੈਦਾ ਕਰਨ ਦੀ ਲੋੜ

ਸ਼ਹੀਦ ਬਾਬਾ ਦੀਪ ਸਿੰਘ ਜੀ ਲਾਇਬ੍ਰੇਰੀ ਦਾ ਜਥੇਦਾਰ ਗੜਗੱਜ ਨੇ ਕੀਤਾ ਉਦਘਾਟਨ
ਰਾਜਨ ਚੋਪੜਾ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰਦੁਆਰਾ ਜਨਮ ਸਥਾਨ ਪਹੂਵਿੰਡ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਲਾਇਬ੍ਰੇਰੀ ਦਾ ਉਦਘਾਟਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬੁੱਧਵਾਰ ਨੂੰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਮੌਜੀ ਦਾਸ ਮਾੜੀ ਕੰਬੋਕੇ ਵਾਲੇ, ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਅਤੇ ਫਾਂਊਡੇਸ਼ਨ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ, ਫ਼ਤਿਹ ਸੰਧੂ, ਮੈਨੇਜਰ ਪ੍ਰਭਜੋਤ ਸਿੰਘ, ਨੰਬਰਦਾਰ ਚਾਨਣ ਸਿੰਘ, ਜੋਗਾ ਸਿੰਘ ਪਹੂਵਿੰਡ, ਸਰਵਨ ਸਿੰਘ ਲਿਖਾਰੀ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਜਥੇਦਾਰ ਗੜਗੱਜ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਸ਼ਬਦ ਨੂੰ ਗੁਰੂ ਆਖਿਆ ਹੈ। ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ੀ। ਗੁਰੂ ਦਾ ਸ਼ਬਦ ਜਗਦਾ ਹੋਇਆ ਦੀਵਾ ਹੈ, ਜਿਸ ਤਰ੍ਹਾਂ ਦੀਵਾ ਹਨੇਰੇ ਨੂੰ ਦੂਰ ਕਰਦਾ ਹੈ ਤੇ ਗੁਰੂ ਦਾ ਸ਼ਬਦ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਕੇ ਸਾਨੂੰ ਅਕਾਲ ਪੁਰਖ ਨਾਲ ਜੋੜਦਾ ਹੈ। ਸਾਡੇ ’ਚ ਜਿਹੜੀ ਕੂੜ ਦੀ ਕੰਧ ਹੈ, ਉਸ ਨੂੰ ਤੋੜ ਕੇ ਅਸੀਂ ਅੰਦਰ ਗੁਰੂ ਸ਼ਬਦ ਦਾ ਪ੍ਰਕਾਸ਼ ਕਰ ਕੇ ਸਚਿਆਰ ਬਣ ਜਾਂਦੇ ਹਾਂ। ਬੜੀ ਖੁਸ਼ੀ ਵਾਲੀ ਗੱਲ ਹੈ ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਵਿਖੇ ਬੱਚਿਆਂ ਨੂੰ ਗੁਰਮਤਿ ਤੇ ਸਾਹਿਤ ਨਾਲ ਜੋੜਨ ਲਈ ਲਾਇਬ੍ਰੇਰੀ ਆਰੰਭ ਕੀਤੀ ਗਈ ਹੈ। ਉਨ੍ਹਾਂ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾਂਦੇ ਕੰਮਾਂ ਤੇ ਲਾਇਬ੍ਰੇਰੀ ਬਨਾਉਣ ਦੀ ਸ਼ਲਾਘਾ ਕੀਤੀ। ਉੱਥੇ ਹੀ ਫਾਊਂਡੇਸ਼ਨ ਵੱਲੋਂ ਨੌਜਵਾਨਾਂ ਦੇ ਕਰਵਾਏ ਜਾਂਦੇ ਕੁਸ਼ਤੀ ਮੁਕਾਬਲਿਆਂ ਨੂੰ ਵੀ ਵਧੀਆ ਉਪਰਾਲਾ ਦੱਸਿਆ।
ਇਸ ਮੌਕੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਮਹਾਨ ਗੁਰੂਆਂ ਪੀਰਾਂ ਭਗਤਾਂ ਤੇ ਹੋਰ ਸੂਰਬੀਰਾਂ ਦੇ ਸ਼ਾਨਾਮੱਤੀ ਇਤਿਹਾਸ ਨਾਲ ਭਰੀਆਂ ਪੁਸਤਕਾਂ ਨੂੰ ਪੜ੍ਹਨ ਦੀ ਬਜਾਏ ਅੱਜ ਸਮਾਜਿਕ ਬੁਰਾਈਆਂ ਦੇ ਮੱਕੜ ਜਾਲ ’ਚ ਉਲਝਦੀ ਜਾ ਰਹੀ ਹੈ। ਇਸ ਲਈ ਸਮਾਜ ਨੂੰ ਸੇਧ ਦੇਣ ਵਾਲੀਆਂ ਚੰਗੀਆਂ ਪੁਸਤਕਾਂ ਪੜ੍ਹਨ ਵੱਲ ਰੁਚੀ ਪੈਦਾ ਕਰਨ ਦੀ ਲੋੜ ਹੈ। ਇਹ ਲਾਇਬ੍ਰੇਰੀ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਤੇ ਉਨ੍ਹਾਂ ਦੇ ਟੀਚਿਆਂ ਨੂੰ ਸਰ ਕਰਨ ’ਚ ਮਹੱਤਵ ਪੂਰਨ ਭੂਮਿਕਾ ਨਿਭਾਵੇਗੀ।