ਜਨਗਣਨਾ ਦੇ ਪਹਿਲੇ ਗੇੜ ਦੇ ਕੰਮ ਲਈ ਟ੍ਰੇਨਿੰਗਾਂ ਸ਼ੁਰੂ
ਜਨਗਣਨਾ ਦੇ ਪਹਿਲੇ ਗੇੜ ਦੇ ਕੰਮ ਲਈ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀਆਂ ਟ੍ਰੇਨਿੰਗਾਂ ਸ਼ੁਰੂ
Publish Date: Thu, 23 Apr 2026 06:30 PM (IST)
Updated Date: Fri, 24 Apr 2026 04:05 AM (IST)

ਜ਼ਿਲ੍ਹੇ ’ਚ 15 ਮਈ ਤੋਂ 13 ਜੂਨ ਤਕ ਹੋਵੇਗਾ ਪਹਿਲੇ ਗੇੜ ਦਾ ਕੰਮ : ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ ਨੇ 2500 ਦੇ ਕਰੀਬ ਗਿਣਤੀਕਾਰ ਤੇ ਸੁਪਰਵਾਈਜ਼ਰ ਕੀਤੇ ਤਾਇਨਾਤ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜਨਗਣਨਾ ਦੇ ਪਹਿਲੇ ਗੇੜ ਦਾ ਕੰਮ 15 ਮਈ ਤੋਂ 13 ਜੂਨ 2026 ਤਕ ਹੋਣ ਜਾ ਰਿਹਾ ਹੈ। ਇਸ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਭਗ 2500 ਗਿਣਤੀਕਾਰ ਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਸ ਸਬੰਧੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਨਗਣਨਾ ’ਚ ਲੱਗੇ ਅਮਲੇ ਦੀਆਂ ਟ੍ਰੇਨਿੰਗਾਂ ਦਾ ਕੰਮ ਵੱਖ-ਵੱਖ ਚਾਰਜ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਜਨਗਣਨਾ ਦੇ ਮਹੱਤਵਪੂਰਨ ਕੰਮ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਹਿਦਾਇਤ ਕੀਤੀ ਕਿ ਫੀਲਡ ਵਿਜ਼ਿਟ ਦੌਰਾਨ ਆਮ ਨਾਗਰਿਕਾਂ ਨਾਲ ਪ੍ਰੇਮ ਭਾਵ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਮਹੱਤਵ ਦੇ ਇਸ ਕਾਰਜ ਨੂੰ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ, ਤਾਂ ਜੋ ਜਨਗਣਨਾ ਦੇ ਅੰਕੜੇ ਸਹੀ ਅਤੇ ਸਪੱਸ਼ਟ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਜਨਗਣਨਾ ਦੇ ਕੰਮ ਵਿਚ ਅਣਗਹਿਲੀ ਜਾਂ ਕੰਮ ਵਿਚ ਆਨਾਕਾਨੀ ਕਰਨ ਦੀ ਸੂਰਤ ਵਿਚ ਮਰਦਮਸ਼ੁਮਾਰੀ ਅਧਿਨਿਯਮ 1948 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਵਾਰ ਜਨਗਣਨਾ ਦੀ ਪੂਰੀ ਕਾਰਵਾਈ ਹਾਈ-ਟੈੱਕ ਤਰੀਕੇ ਨਾਲ ਡਿਜੀਟਲ ਮੋਡ ਰਾਹੀਂ ਪੂਰੀ ਕੀਤੀ ਜਾਵੇਗੀ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਕਿ ਆਮ ਲੋਕਾਂ ਦੀ ਸਹੂਲਤ ਲਈ ਸਵੈ-ਗਣਨਾ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪੋਰਟਲ 30 ਅਪ੍ਰੈਲ ਤੋਂ 14 ਮਈ 2026 ਤਕ ਖੁੱਲ੍ਹੇਗਾ, ਜਿਸ ਰਾਹੀਂ ਕੋਈ ਵੀ ਵਿਅਕਤੀ ਘਰ ਬੈਠੇ ਹੀ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰ ਸਕੇਗਾ। ਇਸ ਤੋਂ ਬਾਅਦ ਗਿਣਤੀਕਾਰਾਂ ਵੱਲੋ 15 ਮਈ ਤੋਂ 13 ਜੂਨ ਤਕ ਫੀਲਡ ਸਰਵੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿਚ 35 ਫੀਲਡ ਟ੍ਰੇਨਰਾਂ ਨੂੰ ਪਹਿਲਾਂ ਹੀ ਮਾਸਟਰ ਟ੍ਰੇਨਰਾਂ ਅਤੇ ਜਨਗਣਨਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖਲਾਈ ਦਿੱਤੀ ਜਾ ਚੁੱਕੀ ਹੈ। ਹੁਣ ਅਗਲੇ ਪੜਾਅ ਤਹਿਤ ਵੱਖ-ਵੱਖ ਬੈਚਾਂ ਵਿਚ ਸੈਸ਼ਨ ਆਧਾਰਿਤ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੇਨਿੰਗ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਇਹ ਸਿਖਿਆਰਥੀ ਹੀ ਫੀਲਡ ਵਿਚ ਜਾ ਕੇ ਘਰ-ਘਰ ਜਨਗਣਨਾ ਸਬੰਧੀ ਮੋਬਾਈਲ ਐਪ ਵਿਚ ਡਾਟਾ ਇੰਦਰਾਜ ਕਰਨਗੇ।