ਪੰਜਾਬ ਦੇ ਭਲੇ ਲਈ ਅਕਾਲੀ ਦਲ ਦੀ ਸਰਕਾਰ ਬਣਨਾ ਜ਼ਰੂਰੀ : ਗੁਰਸੇਵਕ ਸ਼ੇਖ
ਪਾਰਟੀ ਵਰਕਰ ਇਕ ਹੀ ਝੰਡੇ ਹੇਠ ਇਕੱਤਰ ਹੋ ਕੇ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਹਲੇ ਹਨ
Publish Date: Wed, 25 Mar 2026 07:05 PM (IST)
Updated Date: Thu, 26 Mar 2026 04:05 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਿਆਣੀ ਵਿਖੇ ਸਵ.ਪ੍ਰਗਟ ਸਿੰਘ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਰੱਖੀ ਗਈ। ਮੀਟਿੰਗ ’ਚ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਤੇ ਖਡੂਰ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ਼ੇਖ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪੂਰੇ ਪੰਜਾਬ ’ਚ ਚੜ੍ਹਦੀ ਕਲਾ ’ਚ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਾਸੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਹੇ ਹਨ, ਕਿਉਂਕਿ ਪੰਜਾਬ ਦਾ ਜੇ ਕੋਈ ਭਲਾ ਕਰ ਰਿਹਾ ਹੈ ਤਾਂ ਉਹ ਪੰਜਾਬ ਦੀ ਇੱਕੋਂ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਸ਼ੇਖ ਨੇ ਅੱਗੇ ਕਿਹਾ ਕਿ ਉਹ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਕਰ ਰਹੇ ਹਨ ਤੇ ਇਸ ਦੌਰਾਨ ਲੋਕਾਂ ਵੱਲੋਂ ਮਿਲ ਰਿਹਾ ਜਨ ਸਮਰਥਨ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਏਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਵਰਕਰ ਇਕ ਹੀ ਝੰਡੇ ਹੇਠ ਇਕੱਤਰ ਹੋ ਕੇ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਹਲੇ ਹਨ। ਕਿਉਂਕਿ ਲੋਕਾਂ ਦਾ ਭਲਾ ਕਰਨ ਵਾਸਤੇ ਅਕਾਲੀ ਦਲ ਦੀ ਸਰਕਾਰ ਬਣਨਾ ਬਹੁਤ ਜ਼ਰੂਰੀ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹਾਂ ਦੌਰਾਨ ਪੰਜਾਬ ਦੇ ਪ੍ਰਭਾਵਿਤ ਪਿੰਡਾਂ ’ਚ ਪਹੁੰਚ ਕੇ ਜਿਸ ਤਰ੍ਹਾਂ ਕਿਸਾਨਾਂ ਦੀ ਬਾਂਹ ਫੜੀ ਗਈ, ਉਸ ਨੇ ਸਾਬਤ ਕਰ ਦਿੱਤਾ ਕਿ ਬਾਦਲ ਪਰਿਵਾਰ ਪੰਜਾਬ ਲਈ ਲੋਕ ਹਿੱਤੂ ਫ਼ੈਸਲੇ ਲੈ ਸਕਦਾ ਹੈ। ਇਸ ਮੌਕੇ ਸਵ. ਪ੍ਰਗਟ ਸਿੰਘ ਦੇ ਸਪੁੱਤਰ ਗੁਰਮੁਖ ਸਿੰਘ, ਪਿੰਡ ਦੇ ਅਕਾਲੀ ਵਰਕਰ ਲਖਵਿੰਦਰ ਸਿੰਘ, ਕਾਰਜ ਸਿੰਘ ਫ਼ੌਜੀ, ਸਕੱਤਰ ਸਿੰਘ, ਗੁਰਦੇਵ ਸਿੰਘ, ਸੁਲੱਖਣ ਸਿੰਘ, ਰਣਜੀਤ ਸਿੰਘ, ਨਛੱਤਰ ਸਿੰਘ, ਅਵਤਾਰ ਸਿੰਘ, ਇਕਬਾਲ ਸਿੰਘ, ਗੁਰਸਾਹਿਬ ਸਿੰਘ, ਪ੍ਰਤਾਪ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਅਜਮੇਰ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਵਰਕਰ ਮੌਜੂਦ ਸਨ।