- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਸੰਬੋਧਨ ਕਰਦਿਆਂ ਗੁਰਬਾਣੀ ਫਲਸਫ਼ੇ ਦੇ ਮਾਰਗ ਦਰਸ਼ਨ ਦੀ ਰੌਸ਼ਨੀ ’ਚ ਜਲਵਾਯੂ ਤਬਦੀਲੀ ਸਬੰਧੀ ਸੰਗਤੀ ਰੂਪ ’ਚ ਕਾਰਜਸ਼ੀਲ ਹੋਣ ਲਈ ਪ੍ਰੇਰਨਾ ਕੀਤੀ।

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਾਰਜਸ਼ੀਲ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਵਿਖੇ ‘ਜਲਵਾਯੂ ਪ੍ਰੇਰਨਾ ਤੇ ਲਾਮਬੰਦੀ’ ਸਬੰਧੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ’ਚ ਵਿਸ਼ਾ ਆਧਾਰਿਤ ਚਰਚਾ ਕਰਨ ਤੇ ਭਵਿੱਖ ’ਚ ਵਾਤਾਵਰਨ ਸੰਭਾਲ ਤੇ ਜਲਵਾਯੂ ਤਬਦੀਲੀ ਸਬੰਧੀ ਕਾਰਜ ਖੇਤਰ ’ਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਦੇਸ਼-ਵਿਦੇਸ਼ ਤੋਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਜਿਨ੍ਹਾਂ ’ਚ ਡਾ. ਵਿਨੀਤਾ ਹੇਮੰਤ ਆਪਟੇ ਫਾਊਂਡਰ ਅਤੇ ਡਾਇਰੈਕਟਰ ਟੀਈਆਰਆਰਈ ਪਾਲਿਸੀ ਸੈਂਟਰ ਪੂਨੇ, ਡਾ. ਰਾਮ ਬੂਝ ਐੱਸਈਈਡੀ ਇੰਡੀਆ ਲਖਨਊ, ਡਾ.ਲਲਿਤ ਚੌਧਰੀ ਅਤੇ ਨਿਲੇਸ਼ ਯੇਵਲੇ ਦਿਗੰਬਰ ਆਈਐੱਸਡੀਆਰ ਮਹਾਰਾਸ਼ਟਰ ਤੇ ਡਾ.ਜਸਦੇਵ ਸਿੰਘ ਰਾਏ ਐੱਸਐੱਚਆਰਜੀ ਲੰਡਨ ਯੂਕੇ ਸ਼ਾਮਿਲ ਸਨ। ਸਮੂਹ ਮਹਿਮਾਨਾਂ ਵੱਲੋਂ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵੱਲੋਂ ਸੰਨ 1999 ਤੋਂ ਚੱਲ ਰਹੇ ਵਾਤਾਵਰਨ ਸੰਭਾਲ ਕਾਰਜਾਂ ਨੂੰ ਦੇਖਦਿਆਂ ਇਸ ਬਾਬਤ ਜਾਣਕਾਰੀ ਪ੍ਰਾਪਤ ਕਰ ਕੇ ਸੰਤੁਸ਼ਟੀ ਪ੍ਰਗਟ ਕੀਤੀ ਗਈ।
ਕਾਨਫਰੰਸ ਦੀ ਆਰੰਭਤਾ ਤੋਂ ਪਹਿਲਾਂ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਨਗਰ ਨਿਵਾਸੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਪਿੰਡ ਹਸਨਪੁਰ ਵਿਖੇ ਵਿਸ਼ਵ ਜੰਗਲ ਦਿਵਸ 2026 ਸਬੰਧੀ 366ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਾਇਆ ਗਿਆ। ਉਪਰੰਤ ਨਿਸ਼ਾਨ-ਏ-ਸਿੱਖੀ ਕਾਨਫਰੰਸ ਹਾਲ ਵਿਖੇ ਸ਼ਬਦ ਗਾਇਨ ਦੁਆਰਾ ਸਮਾਗਮ ਦੀ ਆਰੰਭਤਾ ਹੋਈ। ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦੇ ਸਕੱਤਰ ਜਸਵਿੰਦਰ ਪਾਲ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਸਾਂਝਾ ਕੀਤੇ ਗਏ। ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਸੰਬੋਧਨ ਕਰਦਿਆਂ ਗੁਰਬਾਣੀ ਫਲਸਫ਼ੇ ਦੇ ਮਾਰਗ ਦਰਸ਼ਨ ਦੀ ਰੌਸ਼ਨੀ ’ਚ ਜਲਵਾਯੂ ਤਬਦੀਲੀ ਸਬੰਧੀ ਸੰਗਤੀ ਰੂਪ ’ਚ ਕਾਰਜਸ਼ੀਲ ਹੋਣ ਲਈ ਪ੍ਰੇਰਨਾ ਕੀਤੀ।
ਉਨ੍ਹਾਂ ਨੇ ਵਾਤਾਵਰਨ ਸੰਭਾਲ ਸਬੰਧੀ ਮਨੁੱਖੀ ਫ਼ਰਜ਼ਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਅੰਤਰਗਤ ਨਿਭਾਉਣ ਲਈ ਵਿਚਾਰ ਸਾਂਝਾ ਕੀਤੇ। ਡਾ. ਜਸਦੇਵ ਸਿੰਘ ਰਾਏ ਯੂਕੇ ਨੇ ਜਲਵਾਯੂ ਪ੍ਰੇਰਨਾ ਤੇ ਲਾਮਬੰਦੀ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਪੱਛਮੀ ਦੇਸ਼ਾਂ ਦੀਆਂ ਪਹੁੰਚ ਵਿਧੀਆਂ ਤੋਂ ਉੱਤਮ ਤੇ ਵਿਲੱਖਣ ਦਰਸਾਇਆ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੇ ਸੰਸਥਾਵਾਂ ਦੇ ਕਾਰਜ ਖੇਤਰ ਸਬੰਧੀ ਜਾਣਕਾਰੀ ਸਾਂਝਾ ਕੀਤੀ ਤੇ ਕਾਨਫਰੰਸ ਵਿਸ਼ੇ ਤੇ' ਆਧਾਰਿਤ ਵਿਚਾਰ ਪੇਸ਼ ਕਰਦਿਆਂ ਭਵਿੱਖ ’ਚ ਇਸ ਸਬੰਧੀ ਆਪਸੀ ਸਹਿਯੋਗ ਤੇ ਕਾਰਜਸ਼ੀਲਤਾ ਦੀਆਂ ਸੰਭਾਵਨਾਵਾਂ ’ਚ ਭਰਪੂਰ ਰੁਚੀ ਦਾ ਪ੍ਰਗਟਾਵਾ ਕੀਤਾ ਗਿਆ।
ਸੂਬੇਦਾਰ ਬਲਬੀਰ ਸਿੰਘ ਵੱਲੋਂ ਲਿਖਤ ਰੁੱਖਾਂ ਸਬੰਧੀ ਇਕ ਭਾਵਪੂਰਤ ਕਵਿਤਾ ਵੀ ਇਸ ਦੌਰਾਨ ਖਿੱਚ ਦਾ ਕੇਂਦਰ ਰਹੀ। ਉਪਰੰਤ ਆਪਸੀ ਵਿਚਾਰ-ਵਟਾਂਦਰੇ ਸਮੇਂ ’ਚ ਜਲਵਾਯੂ ਤਬਦੀਲੀ ਤੇ ਵਾਤਾਵਰਨ ਸੰਭਾਲ ਸਬੰਧੀ ਕਾਰਜਾਂ ਦੀ ਅਗਲੇਰੀ ਵਿਉਂਤਬੰਦੀ ਲਈ ਸਮੂਹ ਮਹਿਮਾਨਾਂ ਵੱਲੋਂ ਸੰਸਥਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਅੰਤ ’ਚ ਆਏ ਹੋਏ ਮਹਿਮਾਨਾਂ ਦਾ ਵਾਤਾਵਰਨ ਪੱਖੀ ਖੱਦਰ ਦੇ ਥੈਲਿਆਂ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ, ਬਾਬਾ ਬਲਦੇਵ ਸਿੰਘ, ਪ੍ਰੋਫੈਸਰ ਡਾ. ਕਮਲਜੀਤ ਸਿੰਘ, ਪ੍ਰਿੰਸੀਪਲ ਭਾਈ ਵਰਿਆਮ ਸਿੰਘ, ਹਰਨੰਦਨ ਸਿੰਘ, ਬਲਦੇਵ ਸਿੰਘ ਸੰਧੂ ਤੇ ਕਰਨਲ ਦਰਸ਼ਨ ਸਿੰਘ ਬਾਵਾ ਸਮੇਤ ਸਮੂਹ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵਾਤਾਵਰਨ ਸੰਭਾਲ ਤੇ ਜਲਵਾਯੂ ਤਬਦੀਲੀ ਸਬੰਧੀ ਪਿਛਲੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਿਰੰਤਰ ਕਾਰਜਸ਼ੀਲ ਹੈ।