ਸੀਐੱਮਈ ਮੌਕੇ ਹਾਦਸੇ ਦੌਰਾਨ ਮੁੱਢਲੀ ਸਹਾਇਤਾ ’ਤੇ ਅਚਾਨਕ ਬੇਹੋਸ਼ੀ ਬਾਰੇ ਦਿੱਤੀ ਜਾਣਕਾਰੀ
ਲੈਕਚਰ ਉਪਰੰਤ ਸੀਐੱਮਈ ’ਚ ਸ਼ਾਮਿਲ ਡਾਕਟਰਾਂ ਨੇ ਕੁਝ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਮਾਹਿਰਾਂ ਵੱਲੋਂ ਜਵਾਬ ਦਿੱਤਾ ਗਿਆ।
Publish Date: Sun, 22 Mar 2026 06:15 PM (IST)
Updated Date: Mon, 23 Mar 2026 04:10 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਬੀਏਐੱਮਐੱਸ ਡਾਕਟਰਾਂ ਦੀ ਸਥਾਨਕ ਐਸੋਸੀਏਸ਼ਨ ਵੱਲੋਂ ਤਰਨਤਾਰਨ ਵਿਖੇ ਸੀਐੱਮਈ ‘ਕੰਟੀਨਿਊ ਮੈਡੀਕਲ ਐਜੂਕੇਸ਼ਨ’ ਕਰਵਾਇਆ ਗਿਆ। ਜਿਸ ’ਚ ਅੰਮ੍ਰਿਤਸਰ ਤੋਂ ਫੋਰਟਿਸ ਐੱਸਕਾਰਟ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਪੁੱਜੀ। ਜਿਨ੍ਹਾਂ ’ਚ ਡਾ. ਸ਼ਲਿੰਦਰਪਾਲ ਸਿੰਘ ਡੀਐੱਮ ਕਾਰਡੀਆਲੋਜ਼ੀ ਤੇ ਡਾ. ਅਸ਼ੀਸ਼ ਚੌਹਾਨ ਐੱਮਐੱਸ ਆਰਥੋਪੈਡਿਕ ਸ਼ਾਮਲ ਸਨ।
ਇਸ ਮੌਕੇ ਡਾ. ਸ਼ਲਿੰਦਰਪਾਲ ਸਿੰਘ ਨੇ ਅਚਾਨਕ ਬੇਹੋਸ਼ੀ ਬਾਰੇ ਲੈਕਚਰ ਦਿੰਦਿਆਂ ਸਥਾਨਕ ਡਾਕਟਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਜੇਕਰ ਕੋਈ ਮਰੀਜ਼ ਇਸ ਹਲਾਤ ’ਚ ਆ ਜਾਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਮੁੱਢਲੀ ਸਹਾਇਤਾ ਦੇਣੀ ਹੁੰਦੀ ਹੈ, ਤਾਂ ਜੋ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ ਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ। ਇਸੇ ਤਰ੍ਹਾਂ ਹੀ ਡਾ. ਅਸ਼ੀਸ਼ ਚੌਹਾਨ ਨੇ ਆਪਣੇ ਲੈਕਚਰ ’ਚ ਦੱਸਿਆ ਕਿ ਹਾਦਸੇ ਦੌਰਾਨ ਜੇਕਰ ਕੋਈ ਅੰਗ ਕੱਟਿਆ ਜਾਂਦਾ ਹੈ, ਤਾਂ ਉਸ ਨੂੰ ਕਿਸ ਤਰੀਕੇ ਨਾਲ ਸੁਰੱਖਿਅਤ ਕਰ ਕੇ ਹਸਪਤਾਲ ਪਹੁੰਚਾਇਆ ਜਾਵੇ। ਜਿਸ ਨਾਲ ਉਸ ਅੰਗ ਨੂੰ ਸਰੀਰ ਨਾਲ ਮੁੜ ਜੋੜਿਆ ਜਾ ਸਕੇ ਤੇ ਹਾਦਸੇ ਦਾ ਸ਼ਿਕਾਰ ਵਿਅਕਤੀ ਨਕਾਰਾ ਨਾ ਹੋਵੇ। ਉਨ੍ਹਾਂ ਇਹ ਸਾਰੀ ਜਾਣਕਾਰੀ ਸਕਰੀਨ ’ਤੇ ਤਸਵੀਰਾਂ ਸਮੇਤ ਦਿੱਤੀ ਤੇ ਕੱਟੇ ਹੋਏ ਅੰਗਾਂ ਨੂੰ ਸਰੀਰ ਨਾਲ ਲਾ ਕੇ ਕਿਸ ਤਰ੍ਹਾਂ ਰੱਖਣਾ ਹੈ, ਬਾਰੇ ਵੀ ਵਿਸਥਾਰ ਨਾਲ ਦੱਸਿਆ। ਲੈਕਚਰ ਉਪਰੰਤ ਸੀਐੱਮਈ ’ਚ ਸ਼ਾਮਿਲ ਡਾਕਟਰਾਂ ਨੇ ਕੁਝ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਮਾਹਿਰਾਂ ਵੱਲੋਂ ਜਵਾਬ ਦਿੱਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਚੁੱਘ ਨੇ ਫੋਰਟਿਸ ਐੱਸਕਾਰਟ ਹਸਪਤਾਲ ਤੋਂ ਪੁੱਜੇ ਡਾਕਟਰਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਦੱਸਿਆ ਕਿ ਇਹ ਮਹੱਤਵਪੂਰਨ ਜਾਣਕਾਰੀ ਨਾਲ ਮਰੀਜ਼ਾਂ ਦੀ ਜਾਨ ਬਚਾਉਣ ’ਚ ਮਦਦ ਮਿਲੇਗੀ। ਇਸ ਮੌਕੇ ਡਾ. ਪਰਮਜੀਤ ਸਿੰਘ ਚੁੱਘ ਤੋਂ ਇਲਾਵਾ ਡਾ. ਹਰਪ੍ਰੀਤ ਸਿੰਘ ਚਾਵਲਾ. ਡਾ. ਸੁਖਵਿੰਦਰ ਸਿੰਘ, ਡਾ. ਅਰਵਿੰਦਰਜੀਤ ਸਿੰਘ ਪੱਟੀ, ਡਾ. ਕੁਲਵਿੰਦਰ ਸਿੰਘ, ਡਾ. ਅਮਰਜੀਤ ਸਿੰਘ ਗਿੱਲ, ਡਾ. ਰਮਨਜੋਤ ਸਿੰਘ ਵਾਲੀਆ, ਡਾ. ਗੌਰਵ ਦੇਵਗਨ, ਡਾ. ਪਾਰਸ ਸ਼ਰਮਾ, ਡਾ. ਰਾਹੁਲ, ਡਾ. ਮੋਹਿਤ ਸਪਰਾ, ਡਾ. ਮਨਜੋਤ ਸਿੰਘ ਸਲੂਜਾ, ਡਾ. ਸਰਬਜੀਤ ਸਿੰਘ ਸਮੇਤ ਹੋਰ ਡਾਕਟਰਾਂ ਨੇ ਡਾ. ਸ਼ਲਿੰਦਰਪਾਲ ਸਿੰਘ ਤੇ ਡਾ. ਅਸ਼ੀਸ਼ ਚੌਹਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।