- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੋਟੇ ਛੋਟੇ ਬੱਚੇ ਪਤੰਗਾਂ ਲੁੱਟ ਦੇ ਹੋਏ ਕਾਫੀ ਦੂਰ ਖੇਤਾਂ ਵਿਚ ਚਲੇ ਜਾਂਦੇ ਹਨ ਤੇ ਕਈ ਵਾਰ ਅਵਾਰਾ ਕੁੱਤੇ ਕੱਲੇ ਕਾਰੇ ਬੱਚੇ ਨੂੰ ਘੇਰ ਲੈਂਦੇ ਹਨ

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ’ਚ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰਾਂ ਦੀਆਂ ਗਲੀਆਂ ਤੋਂ ਇਲਾਵਾ ਬਾਹਰੀ ਕਲੋਨੀਆਂ ਅਤੇ ਪਿੰਡਾਂ ਦੇ ਖੇਤਾਂ ਤੱਕ ਕੁੱਤਿਆਂ ਦੀ ਵਧ ਰਹੀ ਗਿਣਤੀ ਨੇ ਲੋਕਾਂ ਨੂੰ ਮੁਸ਼ਕਲਾਂ ਵਿਚ ਪਾਇਆ ਹੋਇਆ ਹੈ। ਜਿਸ ਦੇ ਚੱਲਿਦਆਂ ਰਾਤ ਨੂੰ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਘਬਰਾਉਂਦੇ ਹਨ। ਹਲਾਤਾ ਇਹ ਹਨ ਕਿ ਸਵੇਰੇ ਗੁਰੂ ਘਰ ਜਾਣ ਵਾਲੀ ਸੰਗਤ ਵੀ ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਰਹਿੰਦੀ ਹੈ। ਇਹ ਮਸਲਾ ਲਗਾਤਾਰ ਸੁਰਖੀਆਂ ’ਚ ਆਉਣ ’ਤੇ ਸੁਪਰੀਮ ਕੋਰਟ ਦੇ ਸਖਤ ਹੋਣ ਦੇ ਬਾਵਜੂਦ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਤਰਨਤਾਰਨ ਦੀ ਗੱਲ ਕਰੀਏ ਤਾਂ ਇਥੇ ਆਵਾਰਾ ਕੁੱਤਿਆਂ ਦੀ ਗਿਣਤੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ’ਚ ਦਰਜਨਾਂ ਕੁੱਤੇ ਫਿਰਦੇ ਆਮ ਦਿਖਾਈ ਦਿੰਦੇ ਹਨ। ਇਨ੍ਹਾਂ ਕੁੱਤਿਆਂ ਦੀਆਂ ਹੇੜਾਂ ਕੋਲੋਂ ਲੰਘਣਾ ਤੱਕ ਔਖਾ ਹੋ ਜਾਂਦਾ ਹੈ। ਮਾਸ ਮੱਛੀ ਆਦਿ ਦੀਆਂ ਦੁਕਾਨਾਂ ਦੇ ਕੋਲ ਇਨ੍ਹਾਂ ਕੁੱਤਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਅਤੇ ਭੋਜਨ ਖੋਹਣ ਦੇ ਚੱਕਰ ਵਿਚ ਲੜਦੇ ਕੁੱਤੇ ਸੜਕਾਂ ਤੱਕ ਪਹੁੰਚ ਜਾਂਦੇ ਹਨ ਅਤੇ ਫਿਰ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਬਣ ਜਾਂਦੇ ਹਨ। ਇੰਨਾ ਹੀ ਨਹੀਂ ਕੁੱਤਿਆਂ ਦੇ ਕੱਟਣ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹਾਲ ਹੀ ’ਚ ਇਕ ਨੌਜਵਾਨ ਨੂੰ ਜਿੱਥੇ ਆਵਾਰਾ ਕੁੱਤਿਆਂ ਨੇ ਨੋਚ ਨੋਚ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉੱਥੇ ਹੀ ਇਕ ਬੱਚੇ ਨੂੰ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ। ਇੰਨਾ ਹੀ ਨਹੀਂ ਅਵਾਰਾ ਕੁੱਤਿਆਂ ਵੱਲੋਂ ਹਮਲੇ ਕਰਨ ਦੀਆਂ ਖ਼ਬਰਾਂ ਆਏ ਦਿਨ ਸੁਣਾਈ ਦਿੰਦੀਆਂ ਰਹਿੰਦੀਆਂ ਹਨ। ਸਮਾਜ ਚਿੰਤਕ ਵੀ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟਾ ਚੁੱਕੇ ਹਨ। ਪਰ ਇਨ੍ਹਾਂ ਕੁੱਤਿਆਂ ’ਤੇ ਕਿਸ ਤਰ੍ਹਾਂ ਕਾਬੂ ਪਾਉਣਾ ਹੈ, ਇਸ ਬਾਰੇ ਕੋਈ ਸਾਫ ਤਸਵੀਰ ਸਾਹਮਣੇ ਨਹੀਂ ਦਿਖਾਈ ਦਿੰਦੀ।
===
ਪਤੰਗਾਂ ਲੁੱਟਦੇ ਬੱਚਿਆਂ ਲਈ ਖ਼ਤਰੇ ਦੀ ਘੰਟੇ ਬਣੇ ਅਵਾਰਾ ਕੁੱਤੇ : ਸੁੱਚਾ ਸਿੰਘ
ਸਮਾਜ ਸੇਵੀ ਸੁੱਚਾ ਸਿੰਘ ਕੱਕਾ ਕੰਡਿਆਲਾ ਨੇ ਕਿਹਾ ਕਿ ਗਲੀਆਂ, ਬਾਜ਼ਾਰਾਂ, ਸੜਕਾਂ ਤੇ ਪੈਲੇਸਾਂ ਨੇੜੇ ਰਾਤ ਵੇਲੇ ਤੇ ਸਵੇਰ ਵੇਲੇ ਰਾਹਗੀਰਾਂ ਨੂੰ ਅਵਾਰਾ ਕੁੱਤਿਆਂ ਕਾਰਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੇ ਛੋਟੇ ਬੱਚੇ ਪਤੰਗਾਂ ਲੁੱਟ ਦੇ ਹੋਏ ਕਾਫੀ ਦੂਰ ਖੇਤਾਂ ਵਿਚ ਚਲੇ ਜਾਂਦੇ ਹਨ ਤੇ ਕਈ ਵਾਰ ਅਵਾਰਾ ਕੁੱਤੇ ਕੱਲੇ ਕਾਰੇ ਬੱਚੇ ਨੂੰ ਘੇਰ ਲੈਂਦੇ ਹਨ। ਸਵੇਰ ਵੇਲੇ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਵੀ ਹੱਥ ’ਚ ਸੋਟੀ ਲੈ ਕੇ ਜਾਣਾ ਪੈਂਦਾ ਹੈ। ਦੋ ਪਹੀਆ ਵਾਹਨ ਚਾਲਕ ਦੇ ਨਾਲ-ਨਾਲ ਕੁੱਤੇ ਭੱਜਦੇ ਆਮ ਦੇਖੇ ਜਾਂਦੇ ਹਨ, ਜੋ ਉਨ੍ਹਾਂ ਲਈ ਹਾਦਸੇ ਦਾ ਸਬਬ ਬਣ ਜਾਂਦੇ ਹਨ।
=====
ਈਓ ਨੂੰ ਦਿੱਤਾ ਹੈ 550 ਸ਼ਹਿਰੀਆਂ ਦੇ ਦਸਤਖਤਾਂ ਵਾਲਾ ਮੰਗ ਪੱਤਰ : ਅਰੋੜਾ
ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਸ਼ਹਿਰ ਦੀਆ ਸੜਕਾਂ ਤੇ ਵੱਖ-ਵੱਖ keਲੋਨੀਆਂ ’ਚ ਅਵਾਰਾ ਕੁੱਤਿਆਂ ਦੀਆਂ ਡਾਰਾ ਤੋਂ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਅਤੇ ਉਨ੍ਹਾਂ ਦੇ ਕੱਟਣ ਦੀਆ ਘਟਨਾਵਾਂ ਨੂੰ ਰੋਕਣ ਲਈ ਲੋਕ ਲਹਿਰ ਪਾਰਟੀ ਦਾ ਵਫ਼ਦ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਮਲਜੀਤ ਸਿੰਘ ਗਿੱਲ ਨੂੰ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਕੁੱਤਿਆਂ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਪਾਰਟੀ ਦੇ ਸਮੂਹ ਮੈਂਬਰਾਂ ਤੇ 550 ਦੇ ਕਰੀਬ ਸ਼ਹਿਰ ਵਾਸੀਆਂ ਦੇ ਦਸਖਤ ਕਰਵਾ ਕੇ ਮੰਗ ਪੱਤਰ ਵੀ ਉਨ੍ਹਾਂ ਨੂੰ ਦਿੱਤਾ ਗਿਆ। ਪਰ ਅਜੇ ਤੱਕ ਕੁੱਤਿਆਂ ਦਾ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ।