ਮੋਗਾ ’ਚ ਹੋਣ ਵਾਲੀ ਭਾਜਪਾ ਦੀ ਬਦਲਾਅ ਰੈਲੀ ਸਬੰਧੀ ਤਰਨਤਾਰਨ ’ਚ ਹੋਈ ਅਹਿਮ ਬੈਠਕ
ਰੈਲੀ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ ਤੌਰ ‘ਤੇ ਪਹੁੰਚ ਰਹੇ ਹਨ, ਜਿਸ ਕਾਰਨ ਭਾਜਪਾ ਦੇ ਕਾਰਕੁੰਨਾਂ ’ਚ ਵੱਡਾ ਉਤਸ਼ਾਹ ਹੈ।
Publish Date: Sat, 07 Mar 2026 06:46 PM (IST)
Updated Date: Sun, 08 Mar 2026 04:13 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਆਉਣ ਵਾਲੀ 14 ਮਾਰਚ 2026 ਨੂੰ ਮੋਗਾ ਵਿਖੇ ਹੋਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਬਦਲਾਅ ਰੈਲੀ ਨੂੰ ਸਫ਼ਲ ਤੇ ਇਤਿਹਾਸਕ ਬਣਾਉਣ ਲਈ ਭਾਜਪਾ ਵੱਲੋਂ ਜ਼ਿਲ੍ਹਾ ਤਰਨਤਾਰਨ ਵਿਖੇ ਮਹੱਤਵਪੂਰਨ ਸੰਗਠਨਾਤਮਿਕ ਬੈਠਕ ਕੀਤੀ ਗਈ। ਇਹ ਬੈਠਕ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ’ਚ ਪਾਰਟੀ ਦੇ ਸੂਬਾਈ, ਜ਼ਿਲ੍ਹਾ ਤੇ ਮੰਡਲ ਪੱਧਰ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਬੈਠਕ ’ਚ ਵਿਸ਼ੇਸ਼ ਤੌਰ ‘ਤੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਮੂਲੀਅਤ ਕਰਦੇ ਹੋਏ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਇਹ ਵਿਸ਼ਾਲ ਰੈਲੀ ਪੰਜਾਬ ਦੀ ਰਾਜਨੀਤੀ ’ਚ ਇਕ ਨਵਾਂ ਮੋੜ ਸਾਬਤ ਹੋਵੇਗੀ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ ਤੌਰ ‘ਤੇ ਪਹੁੰਚ ਰਹੇ ਹਨ, ਜਿਸ ਕਾਰਨ ਭਾਜਪਾ ਦੇ ਕਾਰਕੁੰਨਾਂ ’ਚ ਵੱਡਾ ਉਤਸ਼ਾਹ ਹੈ। ਮੀਟਿੰਗ ਦੌਰਾਨ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ, ਮੰਡਲ ਤੇ ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰਾਂ ਨਾਲ ਵਿਸਥਾਰ ਨਾਲ ਚਰਚਾ ਕਰਦੇ ਹੋਏ ਮੋਗਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਜੋਸ਼ ਤੇ ਸਮਰਪਣ ਨਾਲ ਰੈਲੀ ਦੀਆਂ ਤਿਆਰੀਆਂ ’ਚ ਜੁਟ ਜਾਣ ਤਾਂ ਜੋ ਇਹ ਰੈਲੀ ਇਤਿਹਾਸਕ ਬਣ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾਂ ਲੋਕਾਂ ਦੇ ਮੁੱਦਿਆਂ ਲਈ ਲੜਦੀ ਆਈ ਹੈ ਤੇ ਇਹ ਰੈਲੀ ਵੀ ਪੰਜਾਬ ਦੇ ਭਵਿੱਖ ਤੇ ਵਿਕਾਸ ਨੂੰ ਧਿਆਨ ’ਚ ਰੱਖ ਕੇ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਤੋਂ ਵੱਡੀ ਗਿਣਤੀ ’ਚ ਭਾਜਪਾ ਦੇ ਕਾਰਕੁੰਨ ਤੇ ਸਮੱਰਥਕ ਮੋਗਾ ਰੈਲੀ ’ਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹੇ ਦੇ ਹਰ ਮੰਡਲ ਅਤੇ ਹਰ ਬੂਥ ਪੱਧਰ ਤੱਕ ਕਾਰਕੁੰਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸਮੂਹ ਆਗੂ ਅਤੇ ਕਾਰਕੁੰਨ ਪੂਰੀ ਤਾਕਤ ਨਾਲ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਮੈਦਾਨ ਵਿਚ ਉਤਰਣਗੇ। ਮੀਟਿੰਗ ’ਚ ਭਾਜਪਾ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ, ਭਾਜਪਾ ਸੂਬਾ ਸਕੱਤਰ ਸੂਰਜ ਭਾਰਦਵਾਜ, ਜ਼ਿਲ੍ਹਾ ਪ੍ਰਬਾਰੀ ਨਰੇਸ਼ ਸ਼ਰਮਾ, ਰੈਲੀ ਪ੍ਰਬਾਰੀ ਰਾਜੇਸ਼ ਹਨੀ, ਸਮੂਹ ਜ਼ਿਲ੍ਹਾ ਅਹੁਦੇਦਾਰ, ਜ਼ਿਲ੍ਹਾ ਟੀਮ ਦੇ ਮੈਂਬਰ ਅਤੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨ ਵੀ ਮੌਜੂਦ ਸਨ। ਮੀਟਿੰਗ ਦੌਰਾਨ ਰੈਲੀ ਦੀ ਸਫਲਤਾ ਲਈ ਵੱਖ-ਵੱਖ ਅਹੁਦੇਦਾਰਾਂ ਅਤੇ ਕਾਰਕੁੰਨਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਸਾਰੇ ਆਗੂਆਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਲੋਕਾਂ ਨਾਲ ਸੰਪਰਕ ਵਧਾ ਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਮੋਗਾ ਰੈਲੀ ਵਿਚ ਲੈ ਕੇ ਆਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਆਉਣ ਵਾਲੀ ਬਦਲਾਅ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਲਿਆਵੇਗੀ ਅਤੇ ਪੰਜਾਬ ਦੇ ਵਿਕਾਸ, ਨਸ਼ੇ ਅਤੇ ਗੈਂਗਸਟਰਵਾਦ ਵਰਗੇ ਗੰਭੀਰ ਮੁੱਦਿਆਂ ‘ਤੇ ਮਜ਼ਬੂਤ ਸੁਨੇਹਾ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਭਾਜਪਾ ਹੀ ਉਹ ਪਾਰਟੀ ਹੈ ਜੋ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ‘ਤੇ ਲੈ ਜਾ ਸਕਦੀ ਹੈ। ਇਸ ਮੌਕੇ ਸਾਰੇ ਆਗੂਆਂ ਅਤੇ ਕਾਰਕੁੰਨਾਂ ਨੇ ਇਕਜੁੱਟ ਹੋ ਕੇ ਮੋਗਾ ਰੈਲੀ ਨੂੰ ਕਾਮਯਾਬ ਬਣਾਉਣ ਦਾ ਸੰਕਲਪ ਵੀ ਕੀਤਾ।