ਪੱਟੀ ’ਚ ਨਾਜ਼ਾਇਜ਼ ਕਬਜ਼ੇ ਤੇ ਸਥਾਈ ਰੇਹੜੀਆਂ ਬਣ ਰਹੀਆਂ ਨੇ ਜਾਮ ਦਾ ਕਾਰਨ
ਰੇਹੜੀਆਂ ਵਾਲੇ ਰਾਤ ਦੇ ਸਮੇਂ ਵੀ ਆਪਣੀਆਂ ਰੇਹੜੀਆਂ ਦੁਕਾਨਾਂ ਦੇ ਸ਼ਟਰਾਂ ਨਾਲ ਸੰਗਲ ਮਾਰ ਕੇ ਬੰਨ੍ਹ ਜਾਂਦੇ ਹਨ, ਜਿਸ ਕਾਰਨ ਰਸਤਾ ਜਾਮ ਰਹਿੰਦਾ ਹੈ।
Publish Date: Sun, 18 Jan 2026 05:00 PM (IST)
Updated Date: Mon, 19 Jan 2026 04:06 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ’ਚ ਟ੍ਰੈਫਿਕ ਦੀ ਸਮੱਸਿਆਂ ਦਿਨ-ਬ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਾਰਾ ਦਿਨ ਲੱਗਦੇ ਜਾਮ ਕਾਰਨ ਸ਼ਹਿਰ ਵਾਸੀ ਪਰੇਸ਼ਾਨੀ ਦੇ ਆਲਮ ’ਚ ਹਨ। ਪਰ ਸਿਵਲ ਪ੍ਰਸ਼ਾਸਨ ਨੇ ਇਸ ਸਭ ਤੋਂ ਅੱਖਾਂ ਫੇਰ ਕੇ ਸ਼ਹਿਰ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਪੱਟੀ ਦੇ ਬੱਸ ਸਟੈਂਡ, ਘਾਟੀ ਬਾਜ਼ਾਰ, ਮੇਨ ਬਾਜ਼ਾਰ, ਕਹੀਆਂ ਵਾਲਾ ਚੌਕ, ਗਾਂਧੀ ਸੱਥ, ਪੁਰਾਣਾ ਬਾਜ਼ਾਰ, ਰੇਲਵੇ ਰੋਡ ਆਦਿ ਇਲਾਕੇ ਅਜਿਹੇ ਹਨ, ਜਿੱਥੇ ਹਰ ਸਮੇਂ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਤੇ ਆਮ ਹੀ ਲੋਕ ਆਪਸ ’ਚ ਖਹਿਬੜਦੇ ਦਿਖਾਈ ਦਿੰਦੇ ਹਨ। ਪਰ ਪ੍ਰਸ਼ਾਸਨ ਵੱਲੋਂ ਇਸ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹਾਲਾਂਕਿ ਕਹੀਆਂ ਵਾਲਾ ਚੌਕ ਕਾਫ਼ੀ ਖੁੱਲ੍ਹਾ ਹੈ, ਪਰ ਇਸ ਚੌਕ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜ਼ਾਇਜ਼ ਕਬਜ਼ੇ ਤੇ ਰੇਹੜੀਆਂ ਵਾਲਿਆਂ ਵੱਲੋਂ ਲਗਾਈਆਂ ਸਥਾਈ ਰੇਹੜੀਆਂ ਕਾਰਨ ਇਸ ਚੌਕ ’ਚ ਵੀ ਟ੍ਰੈਫਿਕ ਦੀ ਹਾਲਤ ਵੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਵੀਰਮ ਜੰਡ ਦੇ ਸਥਾਨਕ ਬੱਸ ਅੱਡੇ ’ਚ ਤੇ ਅੱਡੇ ਦੇ ਬਾਹਰ ਲੋਕਾਂ ਵੱਲੋਂ ਕਾਰਾਂ ਖੜ੍ਹੀਆ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਕਈ ਵਾਰ ਬੱਸਾਂ ਦੇ ਟਾਈਮ ਵੀ ਮਿਸ ਹੋ ਜਾਂਦੇ ਹਨ। ਰੇਹੜੀਆਂ ਵਾਲੇ ਰਾਤ ਦੇ ਸਮੇਂ ਵੀ ਆਪਣੀਆਂ ਰੇਹੜੀਆਂ ਦੁਕਾਨਾਂ ਦੇ ਸ਼ਟਰਾਂ ਨਾਲ ਸੰਗਲ ਮਾਰ ਕੇ ਬੰਨ੍ਹ ਜਾਂਦੇ ਹਨ, ਜਿਸ ਕਾਰਨ ਰਸਤਾ ਜਾਮ ਰਹਿੰਦਾ ਹੈ। ਇਨ੍ਹਾਂ ਨਾਜ਼ਾਇਜ਼ ਕਬਜ਼ਿਆਂ ਤੇ ਰੇਹੜੀਆਂ ਕਾਰਨ ਇਸ ਚੌਕ ’ਚ ਪਹਿਲਾਂ ਵੀ ਕਈ ਵਾਰ ਖ਼ੂਨੀ ਝੜਪਾਂ ਹੋ ਚੁੱਕੀਆਂ ਹਨ, ਜਿਸ ’ਚ ਗੱਡੀਆਂ ਦਾ ਨੁਕਸਾਨ ਵੀ ਕੀਤਾ ਗਿਆ ਸੀ। ਪਰ ਪ੍ਰਸ਼ਾਸਨ ਇਸ ਤੋਂ ਬਾਅਦ ਵੀ ਨਹੀਂ ਜਾਗਿਆ। ਪੱਟੀ ਬੱਸ ਅੱਡੇ ਨੇੜੇ ਤੇ ਘਾਟੀ ਬਾਜ਼ਾਰ ਨੇੜੇ ਵੀ ਅਜਿਹਾ ਹੀ ਹਾਲ ਹੈ। ==== ਹਦੂਦ ਤੋਂ ਅੱਗੇ ਸਾਮਾਨ ਰੱਖਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਕਾਰਜ ਸਾਧਕ ਅਫ਼ਸਰ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਹਦੂਦ ਤੋਂ ਅੱਗੇ ਸਾਮਾਨ ਰੱਖਿਆ ਹੈ, ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਨੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੱਟੀ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਜਾਣ ਤਾਂ ਜੋ ਸ਼ਹਿਰ ’ਚ ਲੱਗਦੇ ਜਾਮ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।