ਖ਼ੌਫ਼ਨਾਕ ਵਾਰਦਾਤ : ਪਹਿਲਾਂ ਰਸਤੇ ’ਚ ਨੌਜਵਾਨ ਨੂੰ ਧਮਕਾਇਆ, ਫਿਰ ਘਰ ਜਾ ਕੇ ਮਾਰੀ ਗੋਲੀ
ਪਿੰਡ ਬਘਿਆੜੀ ਵਿਖੇ ਦੁੱਧ ਪਾਉਣ ਜਾ ਰਹੇ ਨੌਜਵਾਨ ਨੂੰ ਕਥਿਤ ਤੌਰ ’ਤੇ ਪਿਸਤੋਲ ਦੀ ਨੋਕ ’ਤੇ ਧਮਕਾਉਣ ਤੇ ਫਿਰ ਘਰ ਆ ਕੇ ਉਸਦੇ ਪਿਤਾ ਉੱਪਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਦੋਂ ਪਰਿਵਾਰ ਹਮਲਾਵਰ ਨੂੰ ਫੜ੍ਹਨ ਲੱਗਾ ਤਾਂ ਉਸਦਾ ਪਿਸਤੌਲ ਉਥੇ ਹੀ ਡਿੱਗ ਪਿਆ। ਜਦੋਂਕਿ ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਭੱਜ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿਸਤੌਲ ਅਤੇ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।
Publish Date: Tue, 21 Apr 2026 11:59 AM (IST)
Updated Date: Tue, 21 Apr 2026 12:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝਬਾਲ। ਪਿੰਡ ਬਘਿਆੜੀ ਵਿਖੇ ਦੁੱਧ ਪਾਉਣ ਜਾ ਰਹੇ ਨੌਜਵਾਨ ਨੂੰ ਕਥਿਤ ਤੌਰ ’ਤੇ ਪਿਸਤੌਲ ਦੀ ਨੋਕ ’ਤੇ ਧਮਕਾਉਣ ਅਤੇ ਫਿਰ ਘਰ ਆ ਕੇ ਉਸਦੇ ਪਿਤਾ ਉੱਪਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਦੋਂ ਪਰਿਵਾਰ ਹਮਲਾਵਰ ਨੂੰ ਫੜ੍ਹਨ ਲੱਗਾ ਤਾਂ ਉਸਦਾ ਪਿਸਤੌਲ ਉਥੇ ਹੀ ਡਿੱਗ ਪਿਆ। ਜਦੋਂਕਿ ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਭੱਜ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿਸਤੌਲ ਅਤੇ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।
ਜਗੀਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਬਘਿਆੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਸਵੇਰੇ ਕਰੀਬ 9 ਵਜੇ ਉਸਦਾ ਲੜਕਾ ਝਬਾਲ ਦੀ ਡੇਅਰੀ ’ਤੇ ਦੁੱਧ ਪਾਉਣ ਲਈ ਗਿਆ ਸੀ। ਜਦੋਂ ਉਹ ਵਾਪਸ ਪਿੰਡ ਆ ਰਿਹਾ ਸੀ ਤਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਗੇਟ ਕੋਲ ਪੁੱਜਾ ਤਾਂ ਅਜੈਪਾਲ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਬਘਿਆੜੀ ਪਲਾਟ ਆਪਣੇ ਮੋਟਰਸਾਈਕਲ ’ਤੇ ਆਇਆ ਅਤੇ ਉਸਦੇ ਲੜਕੇ ਨੂੰ ਪਿਸਤੌਲ ਤਾਣ ਕੇ ਮਾਰਨ ਦੀ ਧਮਕੀ ਦਿੱਤੀ।
ਉਸਦਾ ਲੜਕਾ ਡਰਦਾ ਹੋਇਆ ਮੋਟਰਸਾਈਕਲ ਭਜਾ ਕੇ ਘਰ ਆ ਗਿਆ। ਪਰ ਇੰਨੇ ਵਿਚ ਹੀ ਅਜੈਪਾਲ ਸਿੰਘ ਉਨ੍ਹਾਂ ਦੇ ਘਰ ਆ ਗਿਆ ਅਤੇ ਉਸ ਉੱਪਰ ਗੋਲੀ ਚਲਾ ਦਿੱਤੀ। ਉਹ ਹੇਠਾਂ ਬੈਠ ਗਿਆ ਅਤੇ ਗੋਲੀ ਸਿਰ ਤੋਂ ਲੰਘ ਗਈ। ਉਨ੍ਹਾਂ ਨੇ ਅਜੈਪਾਲ ਸਿੰਘ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਪਿਸਤੌਲ ਉਥੇ ਹੀ ਡਿੱਗ ਪਿਆ ਪਰ ਉਹ ਫਰਾਰ ਹੋ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਜੈਪਾਲ ਸਿੰਘ ਦੇ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।