- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਘੁੰਮ ਰਹੇ ਲਾਵਾਰਿਸ ਪਸ਼ੂ ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਕੂੜੇ ਦੇ ਢੇਰਾਂ ’ਚ ਖਾਣ ਲਈ ਕੁਝ ਲੱਭਦੇ ਰਹਿੰਦੇ ਹਨ

ਗੁਰਪ੍ਰੀਤ ਸਿੰਘ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੀਆਂ ਸੜਕਾਂ ਅਤੇ ਮੁਹੱਲਿਆਂ ਵਿਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸਦੇ ਚੱਲਦਿਆਂ ਇਹ ਜ਼ਿਲ੍ਹਾ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਹੀ ਨਹੀਂ ਰਾਤ ਦੇ ਹਨੇਰੇ ’ਚ ਇਹ ਪਸ਼ੂ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਪਰ ਸਰਕਾਰ ਤੇ ਪ੍ਰਸ਼ਾਸਨ ਦਾ ਇਸ ਵੱਡੀ ਸਮੱਸਿਆ ਵੱਲ ਧਿਆਨ ਨਾ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਕਿਉਂਕਿ ਲੋਕ ਗਊ ਸੈੱਸ ਦੇ ਨਾਂ ’ਤੇ ਟੈਕਸ ਵੀ ਅਦਾ ਕਰ ਰਹੇ ਹਨ। ਸ਼ਹਿਰ ’ਚ ਘੁੰਮ ਰਹੇ ਲਾਵਾਰਿਸ ਪਸ਼ੂ ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਕੂੜੇ ਦੇ ਢੇਰਾਂ ’ਚ ਖਾਣ ਲਈ ਕੁਝ ਲੱਭਦੇ ਰਹਿੰਦੇ ਹਨ। ਇਹ ਪਸ਼ੂ ਸੜਕਾਂ ਦੇ ਵਿਚਕਾਰ ਜਾਂ ਕਿਨਾਰੇ ਉਪਰ ਬੈਠੇ ਹੁੰਦੇ ਹਨ ਤੇ ਅਚਾਨਕ ਵਾਹਨਾਂ ਦੇ ਅੱਗੇ ਆ ਜਾਂਦੇ ਹਨ, ਜਿਸ ਕਾਰਨ ਸੜਕੀ ਹਾਦਸੇ ਹੋ ਰਹੇ ਹਨ ਤੇ ਵਾਹਨ ਚਾਲਕਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਉੱਥੇ ਇਹ ਪਸ਼ੂ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਂਦੇ ਹਨ। ਇੱਥੋਂ ਤੱਕ ਕਿ ਕਈ ਵਾਰ ਤਾਂ ਇਨ੍ਹਾਂ ਲਾਵਾਰਿਸ ਪਸ਼ੂਆਂ ਦੇ ਵਾਹਨ ਨਾਲ ਟਕਰਾਉਣ ਕਾਰਨ ਕਈ ਲੋਕ ਜਾਨ ਤੋਂ ਵੀ ਹੱਥ ਧੋ ਬੈਠੇ ਹਨ। ਇਹ ਦੇਖਣ ’ਚ ਆਇਆ ਹੈ ਕਿ ਇਨ੍ਹਾਂ ਲਾਵਾਰਿਸ ਪਸ਼ੂਆਂ ’ਚ ਜ਼ਿਆਦਾਤਰ ਗਾਵਾਂ ਹੀ ਹਨ, ਜੋ ਕਿ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਇਨ੍ਹਾਂ ਪਸ਼ੂਆਂ ਦੇ ਮਾਲਕ ਇਨ੍ਹਾਂ ਨੂੰ ਰਾਤ ਦੇ ਹਨੇਰੇ ’ਚ ਸੜਕਾਂ ’ਤੇ ਬੇਸਹਾਰਾ ਛੱਡ ਕੇ ਚਲੇ ਜਾਂਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ। ਭੁੱਖੇ ਭਾਣੇ ਇਹ ਪਸ਼ੂ ਸੜਕਾਂ ’ਤੇ ਬੈਠੇ ਰਹਿੰਦੇ ਹਨ ਅਤੇ ਕਈ ਵਾਰ ਇਹ ਬਿਮਾਰ ਹੋ ਜਾਂਦੇ ਹਨ ਅਤੇ ਇਲਾਜ ਨਾ ਹੋਣ ਕਾਰਨ ਸੜਕਾਂ ’ਤੇ ਹੀ ਮਰ ਜਾਂਦੇ ਹਨ, ਜਿਨ੍ਹਾਂ ਨੂੰ ਕੁੱਤੇ ਨੋਚ-ਨੋਚ ਖਾ ਰਹੇ ਹੁੰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਸਮਾਜ ਸੇਵਕ ਨੇ ਕਿਹਾ ਕਿ ਸੜਕਾਂ ਉਪਰ ਘੁੰਮ ਰਹੇ ਲਾਵਾਰਿਸ ਪਸ਼ੂਆਂ ’ਚ ਜਿਆਦਾਤਰ ਗਾਵਾਂ ਹੀ ਹਨ, ਪ੍ਰੰਤੂ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਸੰਭਾਲ ਲਈ ਕੋਈ ਉੱਚਿਤ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਲਾਵਾਰਿਸ ਪਸ਼ੂਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਲਾਵਾਰਿਸ ਪਸ਼ੂਆਂ ਦੀ ਸਾਂਭ ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਹੁੰਦੇ ਸੜਕੀ ਹਾਦਸਿਆਂ ’ਚ ਕਮੀ ਆ ਸਕੇ ਉਥੇ ਇਨ੍ਹਾਂ ਲਾਵਾਰਿਸ ਪਸ਼ੂ ਦੇ ਗਲਾਂ ਦੇ ਵਿਚ ਰਿਫਲੈਕਟਰ ਪਾਏ ਜਾਣ ਤਾਂ ਜੋ ਰਾਤ ਸਮੇਂ ਇਹਨਾਂ ਪਸ਼ੂਆਂ ਦੇ ਟਕਰਾਉਣ ਨਾਲ ਹੁੰਦੇ ਵਾਹਣ ਹੱਦਸਿਆਂ ਤੋਂ ਬਚਾਅ ਹੋ ਸਕੇ।
=====
ਬੇਸਹਾਰਾ ਪਸ਼ੂਆਂ ਦਾ ਹੋਣਾ ਚਾਹੀਦਾ ਹੈ ਪ੍ਰਬੰਧ : ਅਰੋੜਾ
ਤਰਨਤਾਰਨ ਦੇ ਸੀਨੀਅਰ ਐਡਵੋਕੇਟ ਰਾਕੇਸ਼ ਰਮਨ ਅਰੋੜਾ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਕਰਕੇ ਵਾਪਰਨ ਵਾਲੇ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਸੜਕਾਂ ’ਤੇ ਦਮ ਤੋੜ ਜਾਂਦੀਆਂ ਹਨ। ਇਸ ਲਈ ਇਨ੍ਹਾਂ ਪਸ਼ੂਆਂ ਦਾ ਪ੍ਰਬੰਧ ਕਰਨ ਲਈ ਸਰਕਾਰ ਨੂੰ ਉਚਿਤ ਕਦਮ ਚੁੱਕਣੇ ਚਾਹੀਦੇ ਹਨ। ਕਿਉਂਕਿ ਹਰ ਦੇਸ਼ ਵਾਸੀ ਗਊ ਸੈਸ ਦੇ ਨਾਂ ’ਤੇ ਟੈਕਸ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਇਸ ਸਬੰਧੀ ਆਵਾਜ ਬੁਲੰਦ ਕਰਦੀਆਂ ਰਹੀਆਂ ਹਨ।