- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸੀ ਆਗੂ ਹੀਰਾ ਰਾੜੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੱਟੀ ’ਚ ਗਰਮਾਈ ਸਿਆਸਤ

ਕੈਬਨਿਟ ਮੰਤਰੀ ਭੁੱਲਰ ਨੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ’ਤੇ ਕੀਤਾ ਪਲਟਵਾਰ, ਹੀਰਾ ਰਾੜੀਆ ’ਤੇ ਪਹਿਲਾਂ ਦਰਜ ਪਰਚੇ ਤੇ ਕਾਂਗਰਸੀ ਸਮਰਥਕਾਂ ਨਾਲ ਜਾਰੀ ਕੀਤੀਆਂ ਤਸਵੀਰਾਂ
ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀਰਵਾਰ ਨੂੰ ਇਕ ਵਾਰ ਫਿਰ ਹਲਕਾ ਪੱਟੀ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ’ਤੇ ਗਲਤ ਅਨਸਰਾਂ ਦੀ ਪੁਸ਼ਤ ਪਨਾਹੀਂ ਕਰਨ ਦੇ ਦੋਸ਼ ਲਗਾਏ ਹਨ। ਆਪਣੇ ਨਿੱਜੀ ਦਫਤਰ ’ਚ ਪੱਤਰਕਾਰ ਵਾਰਤਾ ਦੌਰਾਨ ਮੰਤਰੀ ਭੁੱਲਰ ਨੇ ਕਿਹਾ ਕਿ ਪੱਟੀ ਤੋਂ ਕਾਂਗਰਸੀ ਸਮਰਥਕ ਹੀਰਾ ਸਿੰਘ ਰਾੜੀਆ ਨੇ ਸਾਬਕਾ ਵਿਧਾਇਕ ਗਿੱਲ ਰਾਂਹੀ ਕਾਂਗਰਸ ਦੇ ਆਹਲਾ ਆਗੂਆਂ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ ਪਹੁੰਚ ਬਣਾਈ ਹੈ, ਜੋ ਕਿ ਅਕਸਰ ਹੀ ਆਗੂਆਂ ਨਾਲ ਫੋਟੋਆਂ ’ਚ ਦਿਖਾਈ ਦਿੰਦਾ ਹੈ, ਜਿਸ ਕਾਰਨ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਰਿਹਾ। ਭੁੱਲਰ ਨੇ ਦੱਸਿਆ ਕਿ ਹੀਰਾ ਰਾੜੀਆ ਖਿਲਾਫ ਥਾਣਾ ਸਿਟੀ ਪੱਟੀ ’ਚ 12 ਜਨਵਰੀ ਨੂੰ ਮੁਕੱਦਮਾਂ ਦਰਜ ਕੀਤਾ ਗਿਆ ਹੈ, ਜਿਸ ਵਿਚ ਇਕ 32 ਬੋਰ ਪਿਸਤੌਲ ’ਤੇ ਕਾਰਤੂਸ ਬਰਾਮਦ ਕੀਤੇ ਦਿਖਾਏ ਗਏ ਹਨ।
ਇਸ ਤੋਂ ਪਹਿਲਾਂ 2014-15 ਦੌਰਾਨ ਸ਼ਸ਼ੀ ਕਪੂਰ ਪ੍ਰਧਾਨ ਸਨਾਤਨ ਸਭਾ ਦਾ ਕਤਲ ਕੀਤਾ, ਜਿਸ ਸਬੰਧੀ ਕਤਲ ਦਾ ਕੇਸ ਮੁਕੱਦਮਾ ਦਰਜ ਹੋਇਆ ਸੀ ਤੇ ਇਹ ਤਿੰਨ ਸਾਲ ਜੇਲ੍ਹ ਕੱਟ ਕੇ ਆਇਆ ਹੈ। 2015 ’ਚ ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਵਿਚ ਮੁਕੱਦਮਾਂ ਦਰਜ ਹੋਇਆ ਲੁੱਟ-ਖੋਹ ਦਾ ਅਤੇ ਚਿੱਟਾ ਵੀ ਬਰਾਮਦ ਹੋਇਆ, ਜਿਸ ਵਿਚ 180 ਦਿਨ ਕੱਟ ਕੇ ਆਇਆ ਹੈ। 2024 ਵਿਚ ਵੀ ਘਰ ’ਚ ਹੋਈ ਛਾਪੇਮਾਰੀ ਦੌਰਾਨ ਪਿਸਟਲ ਤੇ ਕਾਰਤੂਸ ਤੋਂ ਇਲਾਵਾ ਅਫੀਮ ਤੇ 72 ਹਜ਼ਾਰ 220 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਲਾਲਜੀਤ ਸਿੰਘ ਭੁੱਲਰ ਨੇ ਹੀਰਾ ਸਿੰਘ ਦੀਆਂ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਵੜਿੰਗ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਹਵੇਲੀ ਤੇ ਕਾਂਗਰਸ ਦੇ ਦਫਤਰ ਵਿਚਲੀਆਂ ਤਸਵੀਰਾਂ ਵੀ ਪੱਤਰਕਾਰਾਂ ਨੂੰ ਦਿੱਤੀਆਂ।
ਉਨ੍ਹਾਂ ਕਿਹਾ ਕਿ ਇਹ ਫੋਟੋਆਂ ਸਾਬਤ ਕਰਦੀਆਂ ਹਨ ਕਿ ਉਕਤ ਵਿਅਕਤੀ ਵੱਲੋਂ ਕੀਤੇ ਜਾਂਦੇ ਕੰਮ ਕਾਂਗਰਸ ਦੀ ਪੁਛਤ ਪਨਾਹੀ ਰਾਂਹੀ ਕੀਤੇ ਜਾਂਦੇ ਰਹੇ ਹਨ। ਭੁੱਲਰ ਨੇ ਦੋਸ਼ ਲਗਾਇਆ ਕਿ ਸਾਬਕਾ ਵਿਧਾਇਕ ਦੇ ਕਹਿਣ ’ਤੇ ਹੀਰਾ ਸਿੰਘ ਵੱਲੋਂ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਹਰਮਨ ਸੇਖੋਂ ਤੇ ਉਸਦੇ ਪਹਿਲੇ ਪੀਏ ਕੇਪੀ ਦੀ ਰੈਕੀ ਕੀਤੀ ਜਾਂਦੀ ਰਹੀ ਹੈ, ਤਾਂ ਜੋ ਇਨ੍ਹਾਂ ਦਾ ਕਤਲ ਕਰਾਇਆ ਜਾ ਸਕੇ। ਇਹ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਸੀ ਕਿਉਂਕਿ ਇਹ ਗਿੱਲ ਦੇ ਸਾਰੇ ਰਾਜ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਸਭ ਕੁਝ ਸਹਾਮਣੇ ਆ ਸਕੇ। ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ੀਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਰਮਨ ਸੇਖੋਂ ਨਾਲ ਕੋਈ ਅਣਸੁਖਾਵੀਂ ਘਟਨਾ ਹੋ ਜਾਂਦੀ ਤਾਂ ਸਾਰਾ ਦੋਸ਼ ਆਪ ਪਾਰਟੀ ’ਤੇ ਆਉਣਾ ਸੀ। ਇਸ ਮੌਕੇ ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ, ਮੋਹਿਤ ਅਰੋੜਾ ਸ਼ੋਸ਼ਲ ਮੀਡੀਆ ਇੰਚਾਰਜ, ਅਵਤਾਰ ਸਿੰਘ ਢਿੱਲੋ ਮੀਡੀਆ ਇੰਚਾਰਜ ਸ਼ਾਮਲ ਸਨ।
ਬਾਕਸ
ਸਰਪੰਚ ਦੇ ਕਾਤਲਾਂ ਨੂੰ ਅਸਲਾ ਸਪਲਾਈ ਕਰਨ ਦੇ ਦੋਸ਼ ਹਨ ਹੀਰਾ ’ਤੇ : ਮੰਤਰੀ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਲਕਾ ਵਲਟੋਹਾ ਤੋਂ ‘ਆਪ’ ਦੇ ਸਰਪੰਚ ਜਰਮਲ ਸਿੰਘ ਦਾ ਇਕ ਵਿਆਹ ਸਮਾਗਮ ’ਚ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਦੋਸ਼ੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ। ਇਨ੍ਹਾਂ ਸ਼ੂਟਰਾਂ ਨੇ ਪ੍ਰਗਟਾਵਾ ਕੀਤਾ ਕਿ ਹੀਰਾ ਸਿੰਘ ਵਾਸੀ ਪੱਟੀ ਵੱਲੋਂ ਨੇ ਉਨ੍ਹਾਂ ਨੂੰ ਅਸਲਾ ਮੁਹੱਈਆ ਕਰਾਇਆ ਹੈ। ਮੰਤਰੀ ਭੁੱਲਰ ਨੇ ਇਹ ਸਪਸ਼ੱਟ ਕੀਤਾ ਕਿ ਤਲਵੰਡੀ ਮੋਹਰ ਸਿੰਘ ਦੇ ਸਰਪੰਚ ਰਾਜ ਸਿੰਘ ਦਾ ਕਤਲ ਕਰਨ ਵਾਲੇ ਸ਼ੂਟਰ ਠੱਕਰਪੁਰਾ ਨੂੰ ਵੀ ਅਸਲਾ ਹੀਰਾ ਸਿੰਘ ਵੱਲੋਂ ਸਪਲਾਈ ਕੀਤਾ ਗਿਆ ਹੈ ਤੇ ਹੋਰ ਇਨ੍ਹਾਂ ਦੇ ਥੱਲੇ ਕੰਮ ਕਰਨ ਵਾਲਿਆਂ ਨੂੰ ਅਸਲਾ ਸਪਲਾਈ ਕੀਤਾ ਜਾਂਦਾ ਹੈ।
ਬਾਕਸ-
ਆਪਣੀਆਂ ਨਾਲਾਇਕੀਆਂ ਲੁਕਾਉਣ ਲਈ ਲੋਕਾਂ ਦਾ ਧਿਆਨ ਭਟਕਾ ਰਹੇ ਮੰਤਰੀ : ਗਿੱਲ
ਇਸ ਸਬੰਧੀ ਜਦੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਸਪਰੰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਬਿਨਾ ਖੌਫ ਤੋਂ ਕਤਲੋਗਾਰਤ ਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ, ਜਿਸਦੇ ਚੱਲਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਖਾਸ ਕਰਕੇ ਹਲਕਾ ਪੱਟੀ ਦੇ ਲੋਕਾਂ ਦਾ ਧਿਆਨ ਹੋਰ ਪਾਸੇ ਲਗਾਉਣਾ ਚਾਹੁੰਦੇ ਹਨ। ਗਿੱਲ ਨੇ ਕਿਹਾ ਕਿ ਹੀਰਾ ਰਾੜੀਆ ਕੇਸ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਪੁਲਿਸ ਨੇ ਤੈਅ ਕਰਨਾ ਹੈ ਕਿ ਕੋਣ ਦੋਸ਼ੀ ਹੈ ਜਾਂ ਕੌਣ ਨਹੀਂ। ਕਿਸੇ ਨੂੰ ਕੋਈ ਹੱਕ ਨਹੀ ਕਿ ਇਸ ਤਰ੍ਹਾਂ ਦੇ ਇਲਜਾਮ ਲਗਾਵੇ। ਉਨ੍ਹਾਂ ਕਿਹਾ ਜੋ ਗਲਤ ਕੰਮ ਕਰਦਾ ਹੈ, ਉਸ ਨੂੰ ਭੁਗਤਣਾ ਵੀ ਪੈਣਾ ਹੈ। ਉਨ੍ਹਾਂ ਕਿਹਾ ਕਿ ਲੀਡਰਾਂ ਨਾਲ ਕੋਈ ਵੀ ਫੋਟੋਆਂ ਕਰਵਾ ਸਕਦਾ ਹੈ। ਕੱਲ੍ਹ ਨੂੰ ਆਪ ਆਗੂਆਂ ਨਾਲ ਕੋਈ ਖੜਾ ਹੋ ਕੇ ਫੋਟੋ ਕਰਵਾ ਲਵੇ ਤੇ ਫਿਰ ਉਹ ਕਿਸੇ ਕੇਸ ਵਿਚ ਸ਼ਾਮਲ ਨਿਕਲੇ ਤਾਂ ਮੰਤਰੀ ਕੀ ਕਹਿਣਗੇ। ਗਿੱਲ ਨੇ ਕਿਹਾ ਕਿ ਮੰਤਰੀ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਹਨ।