ਅਕਾਲੀ ਸਰਕਾਰ ਬਣਨ ’ਤੇ ਖਡੂਰ ਸਾਹਿਬ 'ਚ ਸਿਹਤ ਸੇਵਾਵਾਂ ਦਾ ਹੋਵੇਗਾ ਸੁਧਾਰ
ਅਕਾਲੀ ਸਰਕਾਰ ਬਣਨ ’ਤੇ ਖਡੂਰ ਸਾਹਿਬ 'ਚ ਸਿਹਤ ਸੇਵਾਵਾਂ ਦਾ ਹੋਵੇਗਾ ਸੁਧਾਰ
Publish Date: Sat, 14 Mar 2026 04:47 PM (IST)
Updated Date: Sun, 15 Mar 2026 04:01 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਹਲਕੇ ਦੇ ਨਿੱਘਰ ਰਹੇ ਸਿਹਤ ਢਾਂਚੇ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਇਸ ਮੁਲਾਕਾਤ ਦੌਰਾਨ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਦੇ ਧਿਆਨ ’ਚ ਲਿਆਂਦਾ ਕਿ ਮੌਜੂਦਾ ਸਰਕਾਰ ਦੀ ਅਣਦੇਖੀ ਕਾਰਨ ਇਲਾਕੇ ਦੇ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਤੇ ਆਧੁਨਿਕ ਮਸ਼ੀਨਰੀ ਦੀ ਭਾਰੀ ਘਾਟ ਹੈ। ਸਿਹਤ ਸਹੂਲਤਾਂ ਦੀ ਘਾਟ ਕਾਰਨ ਗਰੀਬ ਤੇ ਆਮ ਲੋਕਾਂ ਨੂੰ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਤੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵੱਲ ਰੁਖ਼ ਕਰਨਾ ਪੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬ੍ਰਹਮਪੁਰਾ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ 2027 ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਖਡੂਰ ਸਾਹਿਬ ਸਮੇਤ ਸੂਬੇ ਭਰ ’ਚ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਇਲਾਕੇ ਵਿਚ ਉੱਚ ਪੱਧਰੀ ਆਧੁਨਿਕ ਹਸਪਤਾਲ ਬਣਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੋਵੇਗੀ। ਇਸ ਤੋਂ ਇਲਾਵਾ ਬਾਦਲ ਨੇ ਭਰੋਸਾ ਦਿਵਾਇਆ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਸ਼੍ਰੀ ਗੋਇੰਦਵਾਲ ਸਾਹਿਬ ਚ ਨਵੀਂ ਇੰਡਸਟਰੀ ਲਿਆਂਦੀ ਜਾਵੇਗੀ, ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਦੇ ਨਾਲ ਹੀ ਇਲਾਕੇ ’ਚ ਸਿਹਤ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਉੱਚਾ ਚੁੱਕਿਆ ਜਾਵੇਗਾ। ਇਸ ਅਹਿਮ ਮੁਲਾਕਾਤ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸੀਨੀਅਰ ਅਕਾਲੀ ਆਗੂ ਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਬਾਦਲ ਨੂੰ ਖਡੂਰ ਸਾਹਿਬ ਦੇ ਉਨ੍ਹਾਂ ਹੋਰ ਅਹਿਮ ਤੇ ਭਖਦੇ ਮੁੱਦਿਆਂ ਤੋਂ ਜਾਣੂੰ ਕਰਵਾਇਆ ਜਿਨ੍ਹਾਂ ਦੇ ਹੱਲ ਦੀ ਇਲਾਕਾ ਨਿਵਾਸੀਆਂ ਨੂੰ ਸਖ਼ਤ ਲੋੜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਸਹੂਲਤਾਂ ਤੋਂ ਇਲਾਵਾ ਇਲਾਕੇ ਦੇ ਬੁਨਿਆਦੀ ਢਾਂਚੇ ਦੀ ਤਰਸਯੋਗ ਹਾਲਤ ਤੇ ਹੋਰ ਜ਼ਰੂਰੀ ਮਸਲਿਆਂ ਵੱਲ ਮੌਜੂਦਾ ਸਰਕਾਰ ਨੇ ਪੂਰੀ ਤਰ੍ਹਾਂ ਪਿੱਠ ਕਰ ਲਈ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਸੀਨੀਅਰ ਆਗੂ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਕੁਝ ਸਿਆਸੀ ਸੈਲਾਨੀ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਅਸਫ਼ਲ ਯਤਨ ਕਰ ਰਹੇ ਹਨ। ਪਰ ਬ੍ਰਹਮਪੁਰਾ ਪਰਿਵਾਰ ਦੇ ਅਟੁੱਟ ਕਿਲ੍ਹੇ ’ਚ ਸੰਨ੍ਹ ਲਗਾਉਣੀ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ। ਖਡੂਰ ਸਾਹਿਬ ਦੇ ਲੋਕ ਸਿਰਫ਼ ਅਕਾਲੀ ਦਲ ਦੀ ਉਸਾਰੂ ਸਿਆਸਤ ਤੇ ਬ੍ਰਹਮਪੁਰਾ ਪਰਿਵਾਰ ਦੀ ਦੂਰਅੰਦੇਸ਼ੀ ਅਗਵਾਈ ਤੇ ਹੀ ਮੋਹਰ ਲਗਾਉਣਗੇ।