ਸਰਵਿਸਕ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਵੇਗੀ ਐੱਚਪੀਵੀ ਵੈਕਸੀਨ : ਐੱਸਐੱਮਓ
ਬਲਾਕ ਕਸੇਲ ’ਚ ਐੱਚਪੀਵੀ ਵੈਕਸੀਨ ਦੀ ਹੋਈ ਸ਼ੁਰੂਆਤ
Publish Date: Thu, 05 Mar 2026 05:55 PM (IST)
Updated Date: Fri, 06 Mar 2026 04:06 AM (IST)

ਬਲਾਕ ਕਸੇਲ ’ਚ ਐੱਚਪੀਵੀ ਵੈਕਸੀਨ ਦੀ ਹੋਈ ਸ਼ੁਰੂਆਤ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਜ਼ਿਲ੍ਹਾ ਤਰਨਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਵਰਿੰਦਰਪਾਲ ਕੌਰ ਦੀ ਦੇਖ-ਰੇਖ ਦੇ ਨਾਲ ਵੀਰਵਾਰ ਨੂੰ ਸਿਹਤ ਕੇਂਦਰ ਕਸੇਲ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਐੱਚਪੀਵੀ ਵੈਕਸਿਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਐੱਚਪੀਵੀ ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਅਮਿਤਾ ਸੋਂਧੀ ਨੇ ਦੱਸਿਆ ਕਿ ਐੱਚਪੀਵੀ ਵੈਕਸੀਨ ਵਿਸ਼ੇਸ਼ ਤੌਰ ਤੇ 14 ਸਾਲਾਂ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਬਲਾਕ ਦੇ ਵਿਚ ਸਿਹਤ ਕਰਮੀਆਂ ਵੱਲੋਂ ਬਿਲਕੁਲ ਮੁਫਤ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਲਗਾਉਣ ਦਾ ਮੁੱਖ ਮੰਤਵ ਬੱਚੀਆਂ ਨੂੰ ਸਰਵਿਕਸ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਣ ਦੇ ਨਾਲ ਗੁਪਤ ਅੰਗਾਂ ਦੇ ਰੋਗਾਂ ਤੋਂ ਬਚਾਉਣਾ ਹੈ। ਐੱਸਐੱਮਓ ਅਮਿਤਾ ਸੋਂਧੀ ਨੇ ਦੱਸਿਆ ਕਿ ਔਰਤਾਂ ’ਚ ਹੋਣ ਵਾਲੇ ਸਰਵਿਕਸ ਕੈਂਸਰ ਦੀ ਰੋਕਥਾਮ ਲਈ ਐੱਚਪੀਵੀ ਵੈਕਸਿਨ ਵਿਸ਼ਵ ਸਿਹਤ ਸੰਸਥਾਂ ਤੋਂ ਪ੍ਰਮਾਣਿਤ ਹੈ। ਉਨ੍ਹਾਂ ਦੱਸਿਆ ਕਿ ਬਲਾਕ ਦੇ ਵਿਚ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਲਗਾਤਾਰ ਤਿੰਨ ਮਹੀਨਿਆਂ ਲਈ ਟੀਕਾਕਰਨ ਸੈਸ਼ਨ ਲਗਾ ਕੇ ਐੱਚਪੀਵੀ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ 90 ਦਿਨ੍ਹਾਂ ਤੋਂ ਬਾਅਦ ਇਸ ਵੈਕਸੀਨ ਨੂੰ ਹਰ ਹਫ਼ਤੇ ਲੱਗਣ ਵਾਲੇ ਵੈਕਸੀਨੇਸ਼ਨ ਸੈਸ਼ਨ ਦੌਰਾਨ ਲਗਾਇਆ ਜਾਵੇਗਾ। ਐੱਸਐੱਮਓ ਅਮਿਤਾ ਸੋਂਧੀ ਨੇ ਦੱਸਿਆ ਕਿ ਜੇਕਰ ਐੱਚਪੀਵੀ ਵੈਕਸੀਨ ਬੱਚੇ ਨੂੰ ਸਮੇਂ ਸਿਰ ਲਗਾਈ ਜਾਵੇ ਤਾਂ ਸਰਵਿਕਸ ਕੈਂਸਰ ਵਰਗੀ ਬਿਮਾਰੀ ਦੇ ਹੋਣ ਦੇ ਖਦਸ਼ੇ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੜਕੀ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਪੀੜਿਤ ਹੈ ਜਾਂ ਫਿਰ ਲੰਮਾ ਸਮਾਂ ਚੱਲਣ ਵਾਲੀ ਦਵਾਈ ਖਾ ਰਹੀ ਹੈ ਤਾਂ ਅਜਿਹਾ ਹਲਾਤਾਂ ਦੇ ਵਿਚ ਉਸ ਬੱਚੀ ਨੂੰ ਇਹ ਵੈਕਸੀਨ ਨਹੀਂ ਲਗਾਈ ਜਾਵੇਗੀ। ਇਸ ਮੌਕੇ ਮੈਡੀਕਲ ਅਫ਼ਸਰ ਡਾਕਟਰ ਜਤਿੰਦਰ ਕੌਰ, ਡਾਕਟਰ ਅਮਨਦੀਪ ਸਿੰਘ, ਡਾਕਟਰ ਗੁਰਪ੍ਰਤਾਪ ਸਿੰਘ ਸੀਨੀਅਰ ਫਾਰਮੇਸੀ ਅਫਸਰ ਮਨਮੋਹਨ ਸਿੰਘ, ਐੱਲਐੱਚਵੀ ਦਵਿੰਦਰ ਕੌਰ, ਐੱਲਐੱਚਵੀ ਕੁਲਵਿੰਦਰ ਕੌਰ, ਰੇਡੀਓਗ੍ਰਾਫਰ ਅਮਨਜੀਤ ਸਿੰਘ, ਐੱਸਆਈ ਪਰਮਜੀਤ ਸਿੰਘ, ਏਐੱਨਐੱਮ ਰਾਜਵਿੰਦਰ ਕੌਰ ਅਤੇ ਸਬੰਧਿਤ ਆਸ਼ਾ ਵਰਕਰਜ਼ ਆਦਿ ਮੌਜੂਦ ਰਹੇ।