- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਧੂ ਨੇ ਕਿਹਾ ਕਿ ਇੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨ ਨਸ਼ੇ ਦੀ ਗੋਲ਼ੀ ਖਾਣ ਲਈ ਆਉਂਦੇ ਹਨ, ਪਰ ਕਈ ਨੌਜਵਾਨ ਇੱਥੇ ਟੋਲੀਆਂ ਬਣਾ ਕੇ ਬੈਠੇ ਰਹਿੰਦੇ ਹਨ।

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਗ੍ਰਿਫਤ ’ਚ ਆ ਚੁੱਕੇ ਲੋਕਾਂ ਦੇ ਇਲਾਜ /ਕਾਊਂਸਲਿੰਗ ਆਦਿ ਲਈ ਪੱਟੀ ਦੇ ਸਿਵਲ ਹਸਪਤਾਲ ਵਿਖੇ ਖੋਲ੍ਹੇ ਗਏ ਓਟ ਕਲੀਨਿਕ /ਨਸ਼ਾ ਛੁਡਾਊ ਕੇਂਦਰ ’ਚ ਰੋਜ਼ਾਨਾ ਗੋਲ਼ੀ ਖਾਣ ਆਉਣ ਵਾਲੇ ਲੋਕਾਂ ਤੋਂ ਰਾਹਗੀਰ ਤੇ ਹਸਪਤਾਲ ’ਚ ਆਉਣ ਵਾਲੇ ਮਰੀਜ਼ ਡਾਢੇ ਪਰੇਸ਼ਾਨ ਹਨ। ਇਸ ਦੀ ਜਗ੍ਹਾ ਬਦਲਣ ਦੀ ਮੰਗ ਕਈ ਵਾਰ ਇਲਾਕੇ ਦੇ ਲੋਕ ਪ੍ਰਸ਼ਾਸਨ ਅੱਗੇ ਕਰ ਚੁੱਕੇ ਹਨ। ਮੰਗਲਵਾਰ ਨੂੰ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ ਨੇ ਇਕ ਵਾਰ ਫਿਰ ਤੋਂ ਇਸ ਮੁੱਦੇ ਨੂੰ ਚੁੱਕਿਆ ਹੈ। ਸੰਧੂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੋ ਕੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਤਾਂ ਇੱਥੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਲਈ ਓਟ ਕਲੀਨਿਕਾਂ ਤੇ ਨਸ਼ਾ ਛੁਡਾਊ ਕੇਂਦਰਾਂ ਸਥਾਪਿਤ ਕੀਤਾ ਸੀ, ਤਾਂ ਜੋ ਨੌਜਵਾਨ ਨਸ਼ੇ ਛੱਡਣ ਲਈ ਜਿੱਥੇ ਇਲਾਜ ਕਰਵਾ ਰਹੇ ਹਨ, ਉੱਥੇ ਨੌਜਵਾਨ ਨਸ਼ੇ ਛੱਡ ਕੇ ਮੁੱਖ ਧਾਰਾ ’ਚ ਪਰਤਣ ਪਰ ਇੱਥੇ ਤਾਂ ਕੁਝ ਹੋਰ ਹੀ ਮਾਮਲਾ ਸਾਹਮਣੇ ਆਇਆ।
ਸੰਧੂ ਨੇ ਕਿਹਾ ਕਿ ਇੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨ ਨਸ਼ੇ ਦੀ ਗੋਲ਼ੀ ਖਾਣ ਲਈ ਆਉਂਦੇ ਹਨ, ਪਰ ਕਈ ਨੌਜਵਾਨ ਇੱਥੇ ਟੋਲੀਆਂ ਬਣਾ ਕੇ ਬੈਠੇ ਰਹਿੰਦੇ ਹਨ। ਨਸ਼ੇ ’ਚ ਝੂਮਦੇ ਹਨ। ਲੋਕਾਂ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ। ਜਿਸ ਕਾਰਨ ਰਾਹਗੀਰ ਤੇ ਨੇੜਲੇ ਦੁਕਾਨਦਾਰ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੱਟੀ ਦੇ ਹਸਪਤਾਲ ’ਚ ਰੋਜ਼ਾਨਾ ਕਈ ਮਰੀਜ਼ ਔਰਤਾਂ, ਬੱਚੇ ਤੇ ਉਨ੍ਹਾਂ ਦੇ ਰਿਸ਼ਤੇਦਾਰ ਆਉਦੇ ਹਨ। ਇਸੇ ਰਸਤੇ ਜੀਐੱਨਡੀਯੂ ਕਾਲਜ ਜਿੱਥੇ ਸੈਂਕੜੇ ਲੜਕੇ-ਲੜਕੀਆ ਲੰਘਦੀਆਂ ਹਨ। ਲੋਕਾਂ ਦੇ ਸੈਰ ਕਰਨ ਲਈ ਪਾਰਕ ਵੀ ਇਸ ਦੇ ਨਾਲ ਹੀ ਬਣੀ ਹੋਈ ਹੈ। ਦੋ ਸਰਕਾਰੀ ਸਕੂਲ ਹਨ ਅਤੇ ਸਾਹਮਣੇ ਮੁਹੱਲੇ ’ਚ ਲੋਕ ਰਹਿੰਦੇ ਹਨ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਪੱਟੀ ’ਚ ਨਰਸਿੰਗ ਦੀਆਂ ਲੜਕੀਆਂ ਟ੍ਰੇਨਿੰਗ ਲਈ ਆਉਂਦੀਆਂ ਹਨ, ਜਿਨ੍ਹਾਂ ਨੇ ਆਪਣੇ ਪ੍ਰਿੰਸੀਪਲਾਂ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਹਨ ਕਿ ਹਸਪਤਾਲ ਦੇ ਬਾਹਰ ਨਸ਼ੇੜੀ ਨੌਜਵਾਨ ਬੈਠੇ ਰਹਿੰਦੇ ਹਨ, ਜਿਸ ਲਈ ਉਹ ਇੱਥੇ ਟ੍ਰੇਨਿੰਗ ਨਹੀਂ ਲੈਣਗੀਆਂ। ਉਹ ਲੜਕੀਆਂ ਨੂੰ ਵੀ ਪਰੇਸ਼ਾਨ ਕਰਦੇ ਹਨ। ਇੱਥੇ ਚੌਂਕਾ ਬੀਬੀ ਰਜਨੀ ਨਾਮਕ ਰਸੋਈ ਹੈ, ਜਿੱਥੇ ਕਈ ਲੋੜਵੰਦ ਰੋਜ਼ਾਨਾ ਭੋਜਨ ਕਰਨ ਆਉਂਦੇ ਹਨ। ਸਾਹਮਣੇ ਮੈਡੀਕਲ ਸਟੋਰ ਹੈ, ਜਿਸ ਲਈ ਸਾਰੇ ਲੋਕ ਇਨ੍ਹਾਂ ਨੌਜਵਾਨਾਂ ਤੋਂ ਦੁਖੀ ਹਨ।
ਇੱਥੇ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਨੌਜਵਾਨ ਇੱਥੇ ਸੈਂਟਰ ’ਚੋਂ ਗੋਲ਼ੀਆਂ ਲੈ ਕੇ ਬਾਹਰ ਵੇਚਦੇ ਆਮ ਹੀ ਦਿਖਾਈ ਦਿੰਦੇ ਹਨ। ਜਿਸ ਸਬੰਧੀ ਪੁਲਿਸ ਨੂੰ ਇਨ੍ਹਾਂ ਦੀ ਸ਼ਨਾਖਤ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ। ਸੰਧੂ ਨੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਸਰਕਾਰ, ਡੀਸੀ ਤਰਨਤਾਰਨ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਸੈਂਟਰ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਹਸਪਤਾਲ ’ਚ ਕਈ ਵਾਰ ਹੋ ਚੁੱਕੀ ਚੋਰੀ ਕਈ ਵਾਰ ਸ਼ੋਸਲ ਮੀਡੀਆ ’ਤੇ ਨਸ਼ੇੜੀ ਨੌਜਵਾਨਾਂ ਦੀਆਂ ਵੀਡੀਓ ਲੋਕਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਹਨ। ਇੱਥੋਂ ਤੱਕ ਕਿ ਪੱਟੀ ਦੇ ਹਸਪਤਾਲ ’ਚ 8 ਵਾਰ ਚੋਰੀ ਦੀ ਵਾਰਦਾਤ ਹੋ ਚੁੱਕੀ ਹੈ। ਹਸਪਤਾਲ ਵੱਲੋਂ ਇਸ ਮਾਮਲੇ ਸਬੰਧੀ ਕਈ ਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਸਕਿਓਰਿਟੀ ਦੀ ਮੰਗ ਵੀਂ ਕੀਤੀ ਗਈ। ਪਰ ਨਸ਼ੇੜੀ ਕਿਸਮ ਦੇ ਨੌਜਵਾਨ ਪੁਲਿਸ ਨਾਲ ਖਹਿਬੜਦੇ ਵੀ ਆਮ ਹੀ ਦਿਖਾਈ ਦਿੰਦੇ ਹਨ।