17.44 ਕਰੋੜ ਨਾਲ 852 ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ
ਪੰਜਾਬ ਸਰਕਾਰ ਨੇ 17.44 ਕਰੋੜ ਰੁਪਏ ਜਾਰੀ ਕੀਤੇ, 852 ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ
Publish Date: Tue, 13 Jan 2026 05:45 PM (IST)
Updated Date: Wed, 14 Jan 2026 04:04 AM (IST)
ਸਰਕਾਰ ਨੇ ਰਾਜ ਭਰ ’ਚ ਫੰਡਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਇਆ : ਵਿਧਾਇਕ ਸੰਧੂ
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਵਿਦਿਆਰਥੀਆਂ ਲਈ ਸਿੱਖਣ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੇ 852 ਸਰਕਾਰੀ ਸਕੂਲਾਂ ਵਿਚ ਨਵੀਨੀਕਰਨ ਕਾਰਜਾਂ ਵਾਸਤੇ 17.44 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਕਦਮ ਦਾ ਉਦੇਸ਼ ਅਕਾਦਮਿਕ ਵਿਕਾਸ ਲਈ ਵਿਦਿਆਰਥੀਆਂ ਨੂੰ ਉਸਾਰੂ ਤੇ ਢੁਕਵਾਂ ਮਾਹੌਲ ਉਪਲਬਧ ਕਰਵਾਉਣਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਫੰਡਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਾਸਤੇ 59.49 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਨੂੰ 1.58 ਕਰੋੜ ਰੁਪਏ, ਬਰਨਾਲਾ ਨੂੰ 44.64 ਲੱਖ ਰੁਪਏ, ਬਠਿੰਡਾ ਨੂੰ 76.02 ਲੱਖ, ਫਰੀਦਕੋਟ ਨੂੰ 50.31 ਲੱਖ, ਫਤਿਹਗੜ੍ਹ ਸਾਹਿਬ ਨੂੰ 23.22 ਲੱਖ, ਫਾਜ਼ਿਲਕਾ ਨੂੰ 1.13 ਕਰੋੜ ਰੁਪਏ, ਫਿਰੋਜ਼ਪੁਰ ਨੂੰ 40.41 ਲੱਖ, ਗੁਰਦਾਸਪੁਰ ਨੂੰ 1.18 ਕਰੋੜ ਤੋਂ ਵੱਧ, ਹੁਸ਼ਿਆਰਪੁਰ ਨੂੰ 97.44 ਲੱਖ, ਜਲੰਧਰ ਨੂੰ 97.41 ਲੱਖ, ਕਪੂਰਥਲਾ ਨੂੰ 20.52 ਲੱਖ, ਲੁਧਿਆਣਾ ਨੂੰ 1.50 ਕਰੋੜ, ਮਾਲੇਰਕੋਟਲਾ ਨੂੰ 15.75 ਲੱਖ, ਮਾਨਸਾ ਨੂੰ 61.11 ਲੱਖ, ਮੋਗਾ ਨੂੰ 32.74 ਲੱਖ , ਮੁਕਤਸਰ ਨੂੰ 46.47 ਲੱਖ, ਪਠਾਨਕੋਟ ਨੂੰ 37.11 ਲੱਖ ਰੁਪਏ, ਪਟਿਆਲਾ ਨੂੰ 1.50 ਕਰੋੜ ਰੁਪਏ, ਰੂਪਨਗਰ ਨੂੰ 78.14 ਲੱਖ ਰੁਪਏ, ਐੱਸਬੀਐੱਸ ਨਗਰ ਨੂੰ 25.29 ਲੱਖ, ਸੰਗਰੂਰ ਨੂੰ 2.45 ਕਰੋੜ, ਐੱਸਏਐੱਸ ਨਗਰ ਮੁਹਾਲੀ ਨੂੰ 42.87 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਇਸ ਪਹਿਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਰੇ ਸਕੂਲਾਂ ਵਿਚ ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇਕ ਅਹਿਮ ਕਦਮ ਦੱਸਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਰਾਜ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਯਤਨ ਕਰ ਰਹੀ ਹੈ ਅਤੇ ਸਰਕਾਰੀ ਸਕੂਲ ਵਿੱਦਿਅਕ ਪੁਨਰ-ਸੁਰਜੀਤੀ ਦਾ ਕੇਂਦਰ ਬਣਨਗੇ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਵਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਵਿੱਦਿਅਕ ਮਿਆਰਾਂ ਦੇ ਅਨੁਕੂਲ ਬਣਾ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲ ਵਿਚ ਆਉਣ ਵਾਲਾ ਹਰ ਬੱਚਾ ਖੁਦ ਨੂੰ ਉਤਸ਼ਾਹਿਤ, ਮੁੱਲਵਾਨ ਅਤੇ ਚੰਗਾ ਸਿਖਿਆਰਥੀ ਮਹਿਸੂਸ ਕਰੇ।