ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ’ਚ 'ਮਾਘ ਦੇ ਮਹੀਨੇ' ਦੀ ਆਰੰਭਤਾ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ
ਗੁਰੂ ਸਮਾਨ ਕੋਈ ਤੀਰਥ ਨਹੀਂ ਹੈ। ਗੁਰੂ ਦੀ ਰਜ਼ਾ ’ਚ ਚੱਲ ਕੇ ਰੱਬੀ ਹੋਂਦ ਦਾ ਅਹਿਸਾਸ ਕਰਨਾ ਹੀ ਗੁਰੂ ਤੀਰਥ ’ਤੇ ਇਸ਼ਨਾਨ ਕਰਨਾ ਹੈ।
Publish Date: Wed, 14 Jan 2026 07:39 PM (IST)
Updated Date: Thu, 15 Jan 2026 04:10 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਸ਼ੁਭਾਇਮਾਨ ਗੁਰਦੁਆਰਾ ਸਾਹਿਬ ਵਿਖੇ ’ਮਾਘ ਮਹੀਨੇ’ ਦੀ ਸੰਗਰਾਂਦ ’ਤੇ ਵਿਸ਼ੇਸ਼ ਗੁਰਮਿਤ ਸਮਾਗਮ ਕੀਤਾ ਗਿਆ। ਇਸ ’ਚ ਸਮੂਹ ਅਧਿਆਪਕ ਤੇ ਵਿਦਿਆਰਥੀਆਂ ਵੱਲੋਂ ਸੰਗਤੀ ਰੂਪ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਸਕੂਲ ਦੇ ਸੰਗੀਤ ਅਧਿਆਪਕ ਭਾਈ ਬਹਾਲ ਸਿੰਘ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਦੀ ਇਲਾਹੀ ਬਾਣੀ ਦਾ ਰਸ-ਭਿੰਨ੍ਹਾ ਕੀਰਤਨ ਕੀਤਾ। ਧਾਰਮਿਕ ਅਧਿਆਪਕ ਭਾਈ ਜਗਜੀਤ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਮਾਘ ਦੇ ਮਹੀਨੇ’ ਦੇ ਪਰਥਾਏ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹਮਾਂਹ ਬਾਣੀ ਦੇ ਸਿਰਲੇਖ ਹੇਠ ਲਿਖੇ ਗਏ ਸ਼ਬਦ ’ਚ ਆਖਦੇ ਹਨ ਕਿ ‘ਮਾਘ ਦੇ ਮਹੀਨੇ’ ’ਚ ਉਹ ਜੀਵ ਸੁੱਚੇ ਆਖੇ ਜਾ ਸਕਦੇ ਹਨ, ਜਿਨ੍ਹਾਂ ਉਪਰ ਅਕਾਲ ਪੁਰਖ ‘‘ਵਾਹਿਗੁਰੂ’’ ਦੀ ਮਿਹਰ ਹੁੰਦੀ ਹੈ। ਪ੍ਰਭੂ ਦੇ ਨਾਮ ਨੂੰ ਸੁਣ ਕੇ, ਧਿਆ ਕੇ ਜੀਵ ਸੰਸਾਰਿਕ ਮੋਹ ਮਾਇਆ ਤੋਂ ਮੁਕਤ ਹੋ ਜਾਂਦਾ ਹੈ। ਮੁਕਤ ਹੋਇਆ ਜੀਵ ਰੱਬੀ ਦਰਗਾਹ ’ਚ ਸੁਰਖੁਰੂ ਹੋ ਜਾਂਦਾ ਹੈ। ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਨੇ ਕਿਹਾ ‘ਮਾਘ ਦੇ ਮਹੀਨੇ’ ’ਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ 40 ਮੁਕਤਿਆਂ ਦੀ ਯਾਦ ’ਚ ਇਤਿਹਾਸਿਕ ਦਿਨ ਮਨਾਇਆ ਜਾਂਦਾ ਹੈ। ਇਨ੍ਹਾਂ ਮੁਕਤਿਆਂ ਨੇ ਗੁਰੂ ਜੀ ਲਈ ਜੰਗ ਦੇ ਮੈਦਾਨ ਵਿਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਗੁਰੂ ਜੀ ਪਾਸੋਂ ਆਪਣਾ ਬੇਦਾਵਾ ਪਾੜ ਕੇ 5 ਹਜ਼ਾਰੀ, 10 ਹਜ਼ਾਰੀ ਅਤੇ 20 ਹਜ਼ਾਰੀ ਦਾ ਤਖ਼ੱਲਸ ਪ੍ਰਾਪਤ ਕੀਤਾ। ਅਸੀਂ ਇਨ੍ਹਾਂ ਸ਼ਹੀਦਾਂ ਨੂੰ ਇਤਿਹਾਸ ’ਚ ਮੁਕਤਿਆਂ ਦੇ ਨਾਂ ਨਾਲ ਯਾਦ ਕਰਦੇ ਹਾਂ। ਸੋ ਗੁਰੂ ਮੁਕਤੀ ਦਾ ਦਾਤਾ ਹੈ, ਗੁਰੂ ਨਾਲ ਜੁੜ ਕੇ ਅਸੀਂ ਸੰਸਾਰਿਕ ਮੋਹ ਮਾਇਆ ਦੇ ਜਾਲ ਤੋਂ ਮੁਕਤ ਹੋ ਜਾਂਦੇ ਹਾਂ। ਸਕੂਲ ਦੇ ਮੈਂਬਰ ਇੰਚਾਰਜ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਅਤੇ ਸਰਬਜੀਤ ਸਿੰਘ ਨੇ ਵੀ ਸਮੂਹ ਸਟਾਫ਼, ਬੱਚਿਆਂ ਨੂੰ ਕਿਹਾ ਕਿ ਗੁਰੂ ਸਮਾਨ ਕੋਈ ਤੀਰਥ ਨਹੀਂ ਹੈ। ਗੁਰੂ ਦੀ ਰਜ਼ਾ ’ਚ ਚੱਲ ਕੇ ਰੱਬੀ ਹੋਂਦ ਦਾ ਅਹਿਸਾਸ ਕਰਨਾ ਹੀ ਗੁਰੂ ਤੀਰਥ ’ਤੇ ਇਸ਼ਨਾਨ ਕਰਨਾ ਹੈ। ਉਨ੍ਹਾਂ ਨੇ ਗੁਰਬਾਣੀ ਅਨੁਸਾਰ ਜੀਵਨ ਜੀਉਣ ਅਤੇ ਗੁਰੂ ਸਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਪ੍ਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ ਸਮੂਹ ਸਟਾਫ਼ ’ਤੇ ਵਿਦਿਆਰਥੀ ਹਾਜ਼ਰ ਸਨ।