ਸੁਨਿਆਰੇ ਦੀ ਦੁਕਾਨ ਨੂੰ ਸੰਨ੍ਹ ਲਾ ਕੇ 20 ਲੱਖ ਤੋਂ ਵੱਧ ਦਾ ਸੋਨਾ ਕੀਤਾ ਚੋਰੀ
ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਚੌਂਕੀ ਅਲਗੋਂ ਕੋਠੀ ਦੀ ਪੁਲਿਸ ਪਹੁੰਚ ਗਈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 24 Jan 2026 06:09 PM (IST)
Updated Date: Sun, 25 Jan 2026 04:13 AM (IST)

ਦਲਜਿੰਦਰ ਸਿੰਘ,•ਪੰਜਾਬੀ ਜਾਗਰਣ, ਅਲਗੋਂ ਕੋਠੀ : ਸਰਹੱਦੀ ਕਸਬਾ ਅਲਗੋਂ ਕੋਠੀ ਵਿਖੇ ਸਥਿਤ ਸੁਨਿਆਰੇ ਦੀ ਦੁਕਾਨ ਨੂੰ ਪਿੱਛੋਂ ਸੰਨ੍ਹ ਲਾ ਕੇ ਅਣਪਛਾਤੇ ਚੋਰਾਂ ਨੇ 20 ਲੱਖ ਤੋਂ ਵੱਧ ਦੀ ਕੀਮਤ ਦਾ ਸੋਨਾ, 14 ਕਿੱਲੋ ਤੋਂ ਵੱਧ ਚਾਂਦੀ ਤੇ 70 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਰੀ ਨੂੰ ਦੋ ਚੋਰਾਂ ਨੇ ਅੰਜਾਮ ਦਿੱਤਾ। ਜਦੋਂਕਿ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਚੌਂਕੀ ਅਲਗੋਂ ਕੋਠੀ ਦੀ ਪੁਲਿਸ ਪਹੁੰਚ ਗਈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨ ਦੇ ਮਾਲਕ ਦਲਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਲਗੋਂ ਕੋਠੀ ਵਿਖੇ ਜਿਊਲਰਜ਼ ਦੀ ਦੁਕਾਨ ਹੈ। ਉਹ ਲੰਘੀ ਰਾਤ ਆਪਣੀ ਦੁਕਾਨ ਬੰਦ ਕਰ ਕੇ ਚਲੇ ਗਏ ਤਾਂ ਰਾਤ ਕਰੀਬ ਢਾਈ ਵਜੇ ਦੋ ਅਣਪਛਾਤੇ ਚੋਰ ਦੁਕਾਨ ਦੇ ਪਿਛਲੇ ਪਾਸੇ ਸਕੂਲ ਵੱਲੋਂ ਸੰਨ੍ਹ ਲਾ ਕੇ ਦੁਕਾਨ ’ਚ ਦਾਖ਼ਲ ਹੋਏ। ਉਕਤ ਚੋਰ ਦੁਕਾਨ ’ਚੋਂ 190 ਗ੍ਰਾਮ ਸੋਨੇ ਦੇ ਗਹਿਣੇ ਜਿਸ ਦੀ ਕੀਮਤ 20 ਲੱਖ ਤੋਂ ਵੱਧ ਬਣਦੀ ਹੈ ਤੋਂ ਇਲਾਵਾ 14 ਕਿੱਲੋ 380 ਗ੍ਰਾਮ ਚਾਂਦੀ ਤੇ 70 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਅੱਗੇ ਦੱਸਿਆ ਕਿ ਚੋਰ ਜਾਂਦੇ ਹੋਏ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਹਨ। ਚੋਰੀ ਦੀ ਘਟਨਾ ਨੂੰ ਲੈ ਕੇ ਜਿੱਥੇ ਇਲਾਕੇ ਦੇ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਪੀੜਤ ਦੁਕਾਨਦਾਰ ਨੇ ਚੋਰਾਂ ਦਾ ਜਲਦ ਪਤਾ ਲਾਉਣ ਦੀ ਮੰਗ ਵੀ ਪੁਲਿਸ ਪ੍ਰਸ਼ਾਸਨ ਕੋਲ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਬਰਾਮਦ ਹੋ ਸਕੇ। ==== ਦੋ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ : ਏਐੱਸਆਈ ਕੁਲਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਦੇ ਬਿਆਨ ਕਲਮਬੰਦ ਕਰ ਕੇ ਦੋ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਆਸ-ਪਾਸ ਦੀਆਂ ਦੁਕਾਨਾਂ ਤੇ ਸਰਕਾਰੀ ਸਕੂਲ ਜਿਸ ਪਾਸੇ ਤੋਂ ਚੋਰ ਸੰਨ੍ਹ ਲਾ ਕੇ ਦਾਖ਼ਲ ਹੋਏ ਹਨ, ਦੇ ਵੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਜਲਦ ਪਤਾ ਲਾਇਆ ਜਾ ਸਕੇ।