- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਸ਼ਹਿਰ ਵਿੱਚੋਂ ਲੰਘਦੀ ਰੋਹੀ ਦੀ ਹੀ ਗੱਲ ਕਰੀਏ ਤਾਂ ਇਸਦੇ ਕਿਨਾਰਿਆਂ ਦੇ ਆਸ-ਪਾਸ ਕੂੜੇ ਦੇ ਢੇਰ ਲੱਗ ਜਾਂਦੇ ਹਨ।

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਵਿੱਚੋਂ ਵਿਚ ਲੰਘਦੇ ਕਸੂਰ ਨਾਲੇ ਵਿਚ ਕੂੜਾ ਕਰਕਟ ਤੇ ਗੰਦਗੀ ਸੁੱਟੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਨਗਰ ਕੌਂਸਲ ਵੱਲੋਂ ਭਾਰੀ ਮੁਸ਼ੱਕਤ ਨਾਲ ਜੇਸੀਬੀ ਤੇ ਟਰੈਕਟਰ ਟਰਾਲੀਆਂ ਦੀ ਮਦਦ ਲੈ ਕੇ ਕੁਝ ਦਿਨ ਪਹਿਲਾਂ ਇਸ ਨਾਲੇ ਦੇ ਕਿਨਾਰੇ ਤੋਂ ਕੂੜਾ ਕਰਕਟ ਚੁਕਵਾਇਆ ਸੀ। ਪਰ ਇਸਦੇ ਬਾਵਜੂਦ ਰੋਹੀ ਕੰਢੇ ਅਤੇ ਇੱਥੋਂ ਤੱਕ ਨਾਲੇ ਦੇ ਵਿਚ ਵੀ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਇਸ ਨਾਲੇ ਦੇ ਕੰਢੇ ਵੱਸੇ ਇਲਾਕਿਆਂ ਦੇ ਲੋਕਾਂ ਲਈ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ।
ਬੇਸ਼ੱਕ ਸਵੱਛਤਾ ਦੇ ਨਾਂ ’ਤੇ ਸਰਕਾਰਾਂ ਵੱਲੋਂ ਵੱਡੇ-ਵੱਡੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਸਿਰਜਣ ਦੀ ਅਪੀਲ ਕੀਤੀ ਜਾਂਦੀ ਹੈ। ਪਰ ਅਸਲ ਵਿਚ ਕੁਝ ਲੋਕ ਇਸ ਸਵੱਛਤਾ ਅਭਿਆਨ ਨੂੰ ਗ੍ਰਹਿਣ ਲਗਾਉਣ ਤੋਂ ਬਾਜ ਨਹੀਂ ਆਉਂਦੇ। ਤਰਨਤਾਰਨ ਸ਼ਹਿਰ ਵਿੱਚੋਂ ਲੰਘਦੀ ਰੋਹੀ ਦੀ ਹੀ ਗੱਲ ਕਰੀਏ ਤਾਂ ਇਸਦੇ ਕਿਨਾਰਿਆਂ ਦੇ ਆਸ-ਪਾਸ ਕੂੜੇ ਦੇ ਢੇਰ ਲੱਗ ਜਾਂਦੇ ਹਨ। ਜਿਸ ਵਿੱਚੋਂ ਉੱਠਦੀ ਬਦਬੂ ਪਰੇਸ਼ਾਨ ਹੀ ਨਹੀਂ ਕਰਦੀ ਬਲਕਿ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਵੀ ਪੈਦਾ ਕਰਦੀ ਹੈ।ਰੋਹੀ ਪੁਲ ਦੇ ਨਜ਼ਦੀਕ ਕਈ ਮੁਹੱਲਿਆਂ ’ਚ ਵੱਡੀ ਗਿਣਤੀ ਲੋਕ ਰਹਿੰਦੇ ਹਨ। ਉਥੇ ਹੀ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਵੀ ਬਿਲਕੁਲ ਹੀ ਨਜ਼ਦੀਕ ਹੈ। ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਿਹਤ ਕੇਂਦਰ, ਅਲਟਾ ਸਾਉਂਡ ਸੈਂਟਰ ਅਤੇ ਧਾਰਮਿਕ ਸਥਾਨ ਵੀ ਮੌਜੂਦ ਹਨ। ਪਰ ਘਰਾਂ ਵਿੱਚੋਂ ਇਕੱਠਾ ਕੀਤਾ ਕੂੜਾ ਕਰਕਟ ਰੋਹੀ ਦੇ ਵਿਚ ਕੌਣ ਸੁੱਟ ਜਾਂਦਾ ਹੈ, ਇਹ ਭੇਦ ਬਣਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਥੇ ਸੁੱਟੇ ਕੂੜੇ ਨੂੰ ਬਾਅਦ ਵਿਚ ਡੰਪ ’ਤੇ ਸੁੱਟਿਆ ਜਾਂਦਾ ਹੈ। ਰੋਹੀ ਕਿਨਾਰੇ ’ਤੇ ਪਏ ਕੂੜੇ ਵਿੱਚੋਂ ਉੱਠਦੀ ਬਦਬੂ ਬਰਸਾਤ ਦੇ ਸਮੇਂ ਹੋਰ ਵੀ ਭਿਅੰਕਰ ਹੋ ਜਾਂਦੀ ਹੈ। ਹੁਣ ਗਰਮੀਆਂ ਦਾ ਮੌਸਮ ਸਿਰ ’ਤੇ ਆ ਚੁੱਕਾ ਹੈ ਅਤੇ ਇਸ ਦੌਰਾਨ ਮੱਛਰ, ਮੱਖੀਆਂ ਤੇ ਹੋਰ ਕੀੜੇ ਮਕੌੜਿਆਂ ਦੀ ਭਰਮਾਰ ਵੀ ਵਧ ਜਾਵੇਗੀ। ਜਿਸ ਕਾਰਨ ਇਸ ਗੰਦਗੀ ਵਿਚ ਪਣਪਨ ਵਾਲੇ ਕੀੜੇ ਮਕੌੜੇ ਲੋਕਾਂ ਨੂੰ ਬਿਮਾਰੀਆਂ ਵੰਡਣ ਦਾ ਕੰਮ ਕਰਨਗੇ।
=====
ਕੂੜਾ ਕਰਕਟ ਸੁੱਟਣ ਵਾਲਿਆਂ ’ਤੇ ਹੋਣੀ ਚਾਹੀਦੀ ਹੈ ਕਾਰਵਾਈ : ਰਾਜਪੂਤ
ਮਨੁੱਖੀ ਅਧਿਕਾਰ ਆਗੂ ਬਲਜੀਤ ਸਿੰਘ ਰਾਜਪੂਤ ਨੇ ਕਿਹਾ ਕਿ ਕਸੂਰ ਨਾਲਾ ਪਹਿਲਾਂ ਹੀ ਗੰਦੇ ਪਾਣੀ ਕਾਰਨ ਇਲਾਕੇ ਦੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉੱਪਰੋਂ ਇਸ ਨਾਲ ਦੇ ਕਿਨਾਰਿਆਂ ਤੇ ਇਸਦੇ ਅੰਦਰ ਸੁੱਟਿਆ ਗਿਆ ਕੂੜਾ ਕਰਕਟ ਹਾਲਾਤ ਹੋਰ ਖ਼ਰਾਬ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰੋਹੀ ਕਿਨਾਰੇ ਕਾਫੀ ਕੂੜਾ ਕਰਕਟ ਅਕਸਰ ਦਿਖਾਈ ਰਹਿੰਦਾ ਹੈ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪਾਰਕਿੰਗ ਦਾ ਮੁੱਖ ਦਰਵਾਜਾ ਵੀ ਕਸੂਰ ਨਾਲੇ ਵੱਲ ਹੀ ਹੈ। ਇਸ ਲਈ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
====
ਨਗਰ ਕੌਂਸਲ ਨੇ ਕਰਵਾਈ ਸੀ ਸਫ਼ਾਈ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਗਰ ਕੌਂਸਲ ਨੇ ਕਸੂਰ ਨਾਲੇ ਕਿਨਾਰੇ ਬਣੀ ਰੇਹੜੀ ਮਾਰਕੀਟ ਵਾਲੀ ਜਗ੍ਹਾ ’ਤੇ ਸੁੱਟੇ ਗਏ ਕੂੜੇ ਕਰਕਟ ਦੀ ਸਫ਼ਾਈ ਕਰਵਾਈ ਸੀ। ਇਸ ਲਈ ਜੇਸੀਬੀ ਤੇ ਟਰੈਕਟਰ ਟਰਾਲੀਆਂ ਦੀ ਵਰਤੋਂ ਵੀ ਕੀਤੀ ਗਈ। ਆਸ-ਪਾਸ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੂੰ ਇੱਥੇ ਕੂੜਾ ਨਾ ਸੁੱਟਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਸਵੱਛਤਾ ਬਣੀ ਰਹੇ। ਪਰ ਇਸ ਦੇ ਬਾਵਜੂਦ ਕਸੂਰ ਨਾਲੇ ਦੇ ਕਿਨਾਰੇ ਤੇ ਇਸ ਦੇ ਅੰਦਰ ਕੂੜਾ ਕਰਕਟ ਸੁੱਟਿਆ ਆਮ ਦਿਖਾਈ ਦੇ ਜਾਂਦਾ ਹੈ।