ਥਾਰ ’ਚ ਆਏ ਚਾਰ ਜਣਿਆਂ ਟਰੈਵਲ ਏਜੰਟ ਨੂੰ ਕੀਤਾ ਫਿਲਮੀ ਸਟਾਇਲ ’ਚ ਅਗਵਾ
ਥਾਣਾ ਮੁਖੀ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਜਿਸਦੇ ਚੱਲਦਿਆਂ ਕੁਝ ਲੋਕ ਉਸ ਨੂੰ ਥਾਰ ਵਿਚ ਅਗਵਾ ਕਰਕੇ ਲੈ ਗਏ ਸਨ।
Publish Date: Tue, 03 Mar 2026 07:37 PM (IST)
Updated Date: Wed, 04 Mar 2026 04:12 AM (IST)

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਾਸ਼ ਇਲਾਕੇ ਦੀਪ ਐਵੀਨਿਊ ਦੇ ਫੇਸ ਦੋ ’ਚ ਰਹਿੰਦੇ ਇਕ ਟਰੈਵਲ ਏਜੰਟ ਨੂੰ ਕਾਲੇ ਰੰਗ ਦੀ ਥਾਰ ’ਚ ਆਏ ਔਰਤ ਸਮੇਤ ਚਾਰ ਲੋਕਾਂ ਨੇ ਕਥਿਤ ਤੌਰ ’ਤੇ ਫਿਲਮੀ ਸਟਾਇਲ ’ਚ ਅਗਵਾ ਕਰ ਲਿਆ ਤੇ ਉਸ ਨੂੰ ਜਲੰਧਰ ਲੈ ਗਏ। ਹਾਲਾਂਕਿ ਉਸ ਨੂੰ ਲਿਜਾਂਦੇ ਸਮੇਂ ਜਦੋਂ ਟਰੈਵਲ ਏਜੰਟ ਦੀ ਪਤਨੀ ਨੇ ਕਾਰ ਸਵਾਰਾਂ ਕੋਲੋਂ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਨ੍ਹਾਂ ਆਪਣੇ ਆਪ ਨੂੰ ਸੀਆਈਏ ਸਟਾਫ ਜਲੰਧਰ ਦੀ ਪੁਲਿਸ ਦੱਸਿਆ। ਮਾਮਲਾ ਸਥਾਨਕ ਪੁਲਿਸ ਕੋਲ ਪੁੱਜਾ ਤਾਂ ਥਾਣਾ ਸਿਟੀ ਤਰਨਤਾਰ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੇ ਆਪਣੀ ਟੀਮ ਸਮੇਤ ਅਗਵਾਕਾਰਾਂ ਦੀ ਪੈੜ ਨੱਪਦਿਆਂ ਦੇਰ ਰਾਤ ਜਲੰਧਰ ਦੇ ਇਕ ਘਰ ਵਿੱਚੋਂ ਅਗਵਾ ਕੀਤੇ ਟਰੈਵਲ ਏਜੰਟ ਨੂੰ ਛੁਡਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋ ਲੋਕਾਂ ਨੂੰ ਵੀ ਹਿਰਾਸਤ ’ਚ ਲਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਦੂਜੇ ਪਾਸੇ ਅਗਵਾਕਾਰਾਂ ਵੱਲੋਂ ਕੁੱਟਮਾਰ ਦਾ ਸ਼ਿਕਾਰ ਕੀਤੇ ਗਏ ਵਿਅਕਤੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਨੇ ਔਰਤ ਸਮੇਤ ਚਾਰ ਅਣਪਛਾਤਿਆਂ ਵਿਰੁੱਧ ਅਗਵਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਵੀ ਦਰਜ ਕਰ ਲਿਆ ਹੈ। ਅਗਵਾ ਕੀਤੇ ਮਨਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ ਪੰਜ ਵਜੇ ਇਕ ਕਾਲੇ ਰੰਗ ਦੀ ਕਾਰ ਉਨ੍ਹਾਂ ਦੇ ਘਰ ਅੱਗੇ ਆ ਕੇ ਖੜ੍ਹੀ ਹੋਈ। ਉਸ਼ ਸਮੇਂ ਉਨ੍ਹਾਂ ਦਾ ਪਤੀ ਪਹਿਲਾਂ ਤੋਂ ਘਰ ਆਏ ਰਿਸ਼ਤੇਦਾਰ ਜੋ ਵਾਪਸ ਪਰਤ ਰਹੇ ਸਨ, ਨਾਲ ਮਿਲ ਰਿਹਾ ਸੀ। ਕਾਲੇ ਰੰਗ ਦੀ ਉਕਤ ਥਾਰ ਗੱਡੀ ਨੰਬਰ ਪੀਬੀ10 ਐੱਚਕਿਊ 7811 ’ਚੋਂ ਇਕ ਔਰਤ ਸਮੇਤ ਚਾਰ ਜਣੇ ਉੱਤਰੇ ਅਤੇ ਰਿਸ਼ਤੇਦਾਰਾਂ ਨੂੰ ਮਿਲ ਰਹੇ ਉਸਦੇ ਪਤੀ ਮਨਦੀਪ ਸਿੰਘ ਨੂੰ ਧੱਕੇ ਨਾਲ ਗੱਡੀ ’ਚ ਬਿਠਾ ਲਿਆ। ਉਸ ਨੇ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਕਤ ਲੋਕਾਂ ਨੇ ਸੀਆਈਏ ਸਟਾਫ ਜਲੰਧਰ ਤੋਂ ਆਉਣ ਬਾਰੇ ਜਾਣਕਾਰੀ ਦਿੱਤੀ ਤੇ ਉਸ ਨੂੰ ਗੱਡੀ ਕੋਲੋਂ ਹਟਾ ਕੇ ਉਸ ਦੇ ਪਤੀ ਨੂੰ ਲੈ ਕੇ ਚਲੇ ਗਏ। ਪਰਿਵਾਰ ਨੇ ਤੁਰੰਤ ਇਸਦੀ ਸੂਚਨਾ ਥਾਣਾ ਸਿਟੀ ਵਿਖੇ ਦਿੱਤੀ ਤਾਂ ਇੰਸਪੈਕਟਰ ਨਵਦੀਪ ਸਿੰਘ ਭੱਟੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਕਥਿਤ ਅਗਵਾਕਾਰਾਂ ਵੱਲੋਂ ਮਨਦੀਪ ਸਿੰਘ ਦੀ ਪਤਨੀ ਦੇ ਫੋਨ ’ਤੇ ਕੀਤੇ ਫੋਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਤੇ ਦੇਰ ਰਾਤ ਜਲੰਧਰ ਦੇ ਇਕ ਘਰ ’ਚੋਂ ਮਨਦੀਪ ਸਿੰਘ ਨੂੰ ਬਰਾਮਦ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਜਿਸਦੇ ਚੱਲਦਿਆਂ ਕੁਝ ਲੋਕ ਉਸ ਨੂੰ ਥਾਰ ਵਿਚ ਅਗਵਾ ਕਰਕੇ ਲੈ ਗਏ ਸਨ। ਜਿਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਰਾਮਦ ਕਰ ਲਿਆ ਹੈ ਅਤੇ ਜੇਕਰ ਉਨ੍ਹਾਂ ਨਾਲ ਕੋਈ ਕੁੱਟਮਾਰ ਹੋਈ ਹੈ ਤਾਂ ਉਸਦਾ ਮੈਡੀਕਲ ਕਰਵਾਉਣ ਤੋਂ ਬਾਅਦ ਪਤਾ ਚੱਲ ਜਾਵੇਗਾ। ਫਿਲਹਾਲ ਮਨਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਦੇ ਨਾਲ-ਨਾਲ ਵਾਰਦਾਤ ਲਈ ਵਰਤੀ ਥਾਰ ਨੂੰ ਬਰਾਮਦ ਕਰਨ ਲਈ ਯਤਨ ਕੀਤੇ ਜਾ ਰਹੇ ਹਨ।