ਫਾਸਟ ਫੂਡ ਵੇਚਣ ਵਾਲਿਆਂ ਦੀ ਅਚਨਚੇਤ ਚੈਕਿੰਗ
ਫੂਡ ਸੇਫਟੀ ਵਿੰਗ ਦੀ ਸਾਂਝੀ ਟੀਮ ਨੇ ਫਾਸਟ ਫੂਡ ਵੇਚਣ ਵਾਲਿਆਂ ਦੀ ਕੀਤੀ ਅਚਨਚੇਤ ਚੈਕਿੰਗ
Publish Date: Thu, 19 Mar 2026 04:47 PM (IST)
Updated Date: Fri, 20 Mar 2026 04:04 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਫੂਡ ਸੇਫਟੀ ਵਿੰਗ ਤਰਨਤਾਰਨ ਦੀ ਸਾਂਝੀ ਟੀਮ ਨੇ ਡਾ. ਸੁਖਬੀਰ ਕੌਰ ਜ਼ਿਲ੍ਹਾ ਸਿਹਤ ਅਧਿਕਾਰੀ ਦੀ ਅਗਵਾਈ ਵਿਚ ਸਟਰੀਟ ਫੂਡ ਵੇਚਣ ਵਾਲਿਆਂ, ਖਾਸ ਕਰਕੇ ਗਾਹਕਾਂ ਨੂੰ ਤਿਆਰ ਕੀਤੇ ਫਾਸਟ ਫੂਡ ਸਾਮਾਨ ਵੇਚਣ ਵਿਚ ਲੱਗੇ ਲੋਕਾਂ ਦੀ ਅਚਨਚੇਤ ਚੈਕਿੰਗ ਕੀਤੀ ਹੈ। ਇਹ ਵਿਸ਼ੇਸ਼ ਜਾਂਚ ਮੁਹਿੰਮ ਵਿਚ ਫੂਡ ਸੇਫਟੀ ਅਫ਼ਸਰ ਅਸ਼ਵਨੀ ਕੁਮਾਰ, ਸਾਕਸ਼ੀ ਖੋਸਲਾ ਅਤੇ ਨਗਰ ਕੌਂਸਲ ਤੋਂ ਮੋਹਿਤ ਧਵਨ ਵੀ ਸ਼ਾਮਲ ਸਨ। ਟੀਮ ਨੇ ਝਬਾਲ, ਗੱਗੋਬੂਆ, ਸੁਰਸਿੰਘ ਅਤੇ ਭਿੱਖੀਵਿੰਡ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਐੱਫਐੱਸਐੱਸਏਆਈ ਦੁਆਰਾ ਐੱਫਬੀਓ ਲਈ ਪ੍ਰਦਾਨ ਕੀਤੀ ਗਈ ਸਹੀ ਚੈੱਕ ਸੂਚੀ ਅਨੁਸਾਰ ਸਫ਼ਾਈ ਬਾਰੇ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਨੂੰ ਹਿਦਾਇਤਾਂ ਦਿੱਤੀਆਂ। ਇਸ ਦੌਰਾਨ ਮੋਮੋਜ਼, ਚਾਂਪ, ਸਪਰਿੰਗ ਰੋਲ ਅਤੇ ਸੌਸ ਦੇ 10 ਨਮੂਨੇ ਖਰੜ ਲੈਬ ਨੂੰ ਭੇਜਣ ਲਈ ਲਏ ਗਏ। ਸਾਰੇ ਫੂਡ ਕਾਰੋਬਾਰ ਸੰਚਾਲਕਾਂ ਖਾਸ ਕਰਕੇ ਸਟਰੀਟ ਫੂਡ ਵਾਲਿਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਕਿ ਤਿਆਰ ਭੋਜਨ ਪਦਾਰਥ ਵੇਚਣ ਵਾਲੇ ਵਿਕਰੇਤਾ ਕਾਰਟ-ਸਟਾਲ ਨੂੰ ਸਾਫ਼ ਰੱਖਣ, ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਕਰਨ, ਮਨਜ਼ੂਰਸ਼ੁਦਾ ਭੋਜਨ ਰੰਗਾਂ ਦੀ ਵਰਤੋਂ ਕਰਨ, ਤਿਆਰ ਭੋਜਨ ਨੂੰ ਧੂੜ ਅਤੇ ਮੱਖੀਆਂ ਦੇ ਸੰਪਰਕ ਤੋਂ ਬਿਨ੍ਹਾਂ ਢੱਕ ਕੇ ਰੱਖਣ ਅਤੇ ਢੱਕੇ ਹੋਏ ਡੱਬਿਆਂ ਦੀ ਵਰਤੋਂ ਕਰਨ। ਵਧਦੇ ਤਾਪਮਾਨ ਨੂੰ ਧਿਆਨ ਵਿਚ ਰੱਖਦੇ ਹੋਏ, ਜ਼ਿਲ੍ਹਾ ਸਿਹਤ ਅਧਿਕਾਰੀ ਨੇ ਸਾਰਿਆਂ ਨੂੰ ਹਿਦਾਇਤ ਕੀਤੀ ਕਿ ਉਹ ਭੋਜਨ ਪਦਾਰਥਾਂ ਨੂੰ ਉਸ ਮਾਤਰਾ ਵਿਚ ਤਿਆਰ ਕਰਨ ਜੋ ਤਾਜ਼ੀ ਪਰੋਸਣ ਤੇ ਵੇਚਣ ਦੀ ਸੰਭਾਵਨਾ ਹੋਵੇ ਤੇ ਭੋਜਨ ਨੂੰ ਸੁਰੱਖਿਅਤ ਰੱਖਣ ਲਈ 5 ਡਿਗਰੀ ਤੋਂ ਘੱਟ ਜਾਂ 65 ਡਿਗਰੀ ਤੋਂ ਵੱਧ ਰੱਖਣ ਅਤੇ ਖਾਣਾ ਪਕਾਉਣ ਵਾਲੇ ਤੇਲ ਨੂੰ ਦੁਬਾਰਾ ਵਰਤਣ ਤੋਂ ਬਚਣ ਲਈ ਐੱਫਐੱਸਐੱਸਏਆਈ ਰਜਿਸਟ੍ਰੇਸ਼ਨ, ਲਾਈਸੈਂਸ ਬਣਾਉਣ ਅਤੇ ਮਿਆਦ ਪੁੱਗਣ ਦੀ ਸੂਰਤ ਵਿਚ ਨਵੀਨੀਕਰਨ ਕਰਵਾਉਣ ਦੇ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜਾਰੀ ਰਹੇਗੀ ਅਤੇ ਆਮ ਲੋਕਾਂ ਨੂੰ ਸੁਰੱਖਿਅਤ, ਗੁਣਵੱਤਾ ਅਤੇ ਸ਼ੁੱਧ ਭੋਜਨ ਪਦਾਰਥਾਂ ਦੀ ਉਪਲੱਬਧਤਾ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਭਵਿੱਖ ਵਿਚ ਅਚਨਚੇਤ ਜਾਂਚ ਕੀਤੀ ਜਾਵੇਗੀ।