ਠੰਢ ਤੋਂ ਬਚਣ ਲਈ ਕਮਰੇ ’ਚ ਬਾਲੀ ਅੰਗੀਠੀ ਪਰਿਵਾਰ ਲਈ ਬਣ ਗਈ ਕਾਲ, ਪਤੀ-ਪਤਨੀ ਤੇ ਡੇਢ ਮਹੀਨੇ ਦੇ ਬੱਚੇ ਦੀ ਮੌਤ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ’ਚ ਸ਼ਨਿੱਚਰਵਾਰ ਦੀ ਰਾਤ ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਗਈ ਅੰਗੀਠੀ ਇਕ ਪਰਿਵਾਰ ਲਈ ਉਸ ਵੇਲੇ ਕਾਲ ਬਣ ਗਈ, ਜਦੋਂ ਦਮ ਘੁੱਟਣ ਨਾਲ ਪਤੀ, ਪਤਨੀ ਅਤੇ ਉਨ੍ਹਾਂ ਦੇ ਡੇਢ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਜਦੋਂਕਿ ਮਰਨ ਵਾਲੇ ਨੌਜਵਾਨ ਦੇ ਸਾਲੇ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ।
Publish Date: Sun, 11 Jan 2026 12:06 PM (IST)
Updated Date: Sun, 11 Jan 2026 12:09 PM (IST)
ਜਸਪਾਲ ਸਿੰਘ ਜੱਸੀ,ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ’ਚ ਸ਼ਨਿੱਚਰਵਾਰ ਦੀ ਰਾਤ ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਗਈ ਅੰਗੀਠੀ ਇਕ ਪਰਿਵਾਰ ਲਈ ਉਸ ਵੇਲੇ ਕਾਲ ਬਣ ਗਈ, ਜਦੋਂ ਦਮ ਘੁੱਟਣ ਨਾਲ ਪਤੀ, ਪਤਨੀ ਅਤੇ ਉਨ੍ਹਾਂ ਦੇ ਡੇਢ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਜਦੋਂਕਿ ਮਰਨ ਵਾਲੇ ਨੌਜਵਾਨ ਦੇ ਸਾਲੇ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਸਿੰਘ, ਉਸਦੀ ਪਤਨੀ ਜਸ਼ਨਦੀਪ ਕੌਰ ਅਤੇ ਡੇਢ ਮਹੀਨੇ ਦੇ ਬੱਚੇ ਗੁਰਬਾਜ ਸਿੰਘ ਵਜੋਂ ਹੋਈ ਹੈ। ਜਦੋਂਕਿ ਕਮਰੇ ਅੰਦਰ ਹੀ ਸੌਂ ਰਹੇ ਅਰਸ਼ਦੀਪ ਸਿੰਘ ਦੇ ਸਾਲੇ ਕਿਸ਼ਨ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੇ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਿਹਨਤ ਮਜ਼ਦੂਰੀ ਨਾਲ ਜੁੜੇ ਪਰਿਵਾਰ ਨਾਲ ਸਬੰਧਤ ਸੀ।
ਦੱਸ ਦਈਏ ਕਿ ਕਮਰੇ ਵਿਚ ਅੱਗ ਬਾਲਣ ਕਾਰਨ ਤਰਨਤਾਰਨ ਜ਼ਿਲ੍ਹੇ ਵਿਚ ਇਹ ਦੂਸਰੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਵੀ ਤਰਨਤਾਰਨ ਸ਼ਹਿਰ ਦੇ ਜੰਡਿਆਲਾ ਰੋਡ ’ਤੇ ਕਮਰੇ ਵਿਚ ਬਾਲੀ ਗਈ ਅੱਗ ਨੇ ਗੁਰਮੀਤ ਸਿੰਘ ਤੇ ਜਸਬੀਰ ਕੌਰ ਨਾਮਕ ਪਤੀ, ਪਤਨੀ ਦੀ ਜਾਨ ਲੈ ਲਈ ਸੀ।