ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ‘ਪਰੰਪਰਾਗਤ ਤੇ ਆਧੁਨਿਕ ਪਹਿਰਾਵੇ ਦੀ ਪ੍ਰਦਰਸ਼ਨੀ’ ਲਾਈ
ਪ੍ਰਦਰਸ਼ਨੀ ’ਚ ਵਿਦਿਆਰਥਣਾਂ ਦੀ ਕਲਾ ਤੇ ਹੁਨਰ ਨੂੰ ਨਿਖਾਰਨ ਲਈ ਨਵੇਂ ਤੇ ਰਚਨਾਤਮਕ ਡਿਜ਼ਾਈਨ ਪੇਸ਼ ਕੀਤੇ ਗਏ।
Publish Date: Wed, 08 Apr 2026 04:58 PM (IST)
Updated Date: Thu, 09 Apr 2026 04:03 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉੱਤਮ ਸਿੰਘ ਵੱਲੋਂ ਸਥਾਪਿਤ ਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਪਰੰਪਰਾਗਤ ਤੇ ਆਧੁਨਿਕ ਪਹਿਰਾਵੇ ਦੀ ਪ੍ਰਦਰਸ਼ਨੀ ਸਬੰਧੀ ਪ੍ਰੋਗਰਾਮ ਲਾਇਆ ਗਿਆ। ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਜਨਰਲ ਸਕੱਤਰ ਡਾ.ਕਮਲਜੀਤ ਸਿੰਘ ਤੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਵੱਲੋਂ ਕੀਤਾ ਗਿਆ। ਪ੍ਰਦਰਸ਼ਨੀ ’ਚ ਵਿਦਿਆਰਥਣਾਂ ਦੀ ਕਲਾ ਤੇ ਹੁਨਰ ਨੂੰ ਨਿਖਾਰਨ ਲਈ ਨਵੇਂ ਤੇ ਰਚਨਾਤਮਕ ਡਿਜ਼ਾਈਨ ਪੇਸ਼ ਕੀਤੇ ਗਏ। ਪ੍ਰੋਗਰਾਮ ਦੌਰਾਨ ਡਾ.ਬਲਵੰਤ ਸਿੰਘ ਸੰਧੂ ਨੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਅਮਨਦੀਪ ਕੌਰ ਤੇ ਮਨਪ੍ਰੀਤ ਕੌਰ ਦੀ ਯੋਗ ਅਗਵਾਈ, ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਕਲਾ ਤੇ ਡਿਜ਼ਾਈਨ ਮਨੁੱਖੀ ਪ੍ਰਗਟਾਵੇ ਦੇ ਸ਼ਕਤੀਸ਼ਾਲੀ ਰੂਪ ਹਨ, ਜੋ ਸਾਡੇ ਸੰਸਾਰ ਨੂੰ ਦੇਖਣ ਤੇ ਅਨੁਭਵ ਕਰਨ ਦੇ ਤਰੀਕੇ ਨੂੰ ਆਕਾਰ ਦਿੰਦੇ ਹਨ। ਜਦੋਂ ਕਿ ਕਲਾ ਅਕਸਰ ਰਚਨਾਤਮਕਤਾ ਤੇ ਭਾਵਨਾਤਮਕ ਪ੍ਰਗਟਾਵੇ ਨਾਲ ਜੁੜੀ ਹੁੰਦੀ ਹੈ। ਡਿਜ਼ਾਈਨ ਕਾਰਜਸ਼ੀਲਤਾ, ਸੱਭਿਆਚਾਰ, ਸੰਚਾਰ ਤੇ ਨਵੀਨਤਾ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਹ ਪ੍ਰਦਰਸ਼ਨੀ ਆਪਣੇ ਆਪ ’ਚ ਵਿਦਿਆਰਥਣਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਪਲੇਟਫਾਰਮ ਹੈ। ਇਸ ਪ੍ਰਦਰਸ਼ਨੀ ਮੌਕੇ ਡਾ.ਕੰਵਲਜੀਤ ਸਿੰਘ, ਪ੍ਰੋਫੈਸਰ ਰੋਹਿਤ ਸ਼ਰਮਾ, ਪ੍ਰੋਫੈਸਰ ਜਤਿੰਦਰ ਸਿੰਘ ਸਿੱਧੂ, ਡਾ.ਰਮਨਦੀਪ ਕੌਰ, ਡਾ. ਜਗਜੀਤ ਕੌਰ, ਪ੍ਰੋ਼ਫੈਸਰ ਲਵਪ੍ਰੀਤ ਸਿੰਘ, ਪ੍ਰੋਫੈਸਰ ਪੂਨਮ ਗਿੱਲ, ਪ੍ਰੋਫੈਸਰ ਨਵਨੀਤ ਕੌਰ ਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਹਾਜ਼ਰ ਸਨ।