ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਬਚਾਉਣ ਲਈ ਕਿਸਾਨਾਂ ਦੇ ਧਰਨੇ ਨੂੰ ਚੁੱਕਣ ਦੀ ਨਿਖੇਧੀ
ਭਗਵੰਤ ਮਾਨ ਦੀ ਸਰਕਾਰ ਵੱਲੋਂ ਮਿੱਲ ਦੀ 90 ਏਕੜ ਦੇ ਕਰੀਬ ਜ਼ਮੀਨ ਸਰਕਾਰੀ ਵਿਭਾਗਾਂ ਨੂੰ ਵੰਡ ਦਿੱਤੀ ਗਈ
Publish Date: Sat, 28 Feb 2026 03:52 PM (IST)
Updated Date: Sun, 01 Mar 2026 03:58 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਦੇ ਜ਼ੋਨ ਬਾਬਾ ਬੀਰ ਸਿੰਘ ਵੱਲੋਂ ਪਿੰਡ ਪਿੱਦੀ ਨੇੜੇ ਹਾਈਵੇ ਨੰਬਰ-54 ਟਰੱਕ ਪਾਰਕਿੰਗ ’ਚ ਪੰਜਾਬ ਸਰਕਾਰ ਦੇ ਸ਼ੇਰੋਂ ਮਿੱਲ ਦੀ ਜ਼ਮੀਨ ਵੇਚਣ ਦੇ ਫੈਸਲਿਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸ਼ੇਰੋਂ ਤੇ ਨਿਸ਼ਾਨ ਸਿੰਘ ਸ਼ਹਾਬਪੁਰ ਨੇ ਕਿਹਾ ਕਿ 1985 ’ਚ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਪਿੰਡ ਸ਼ੇਰੋਂ ਦੇ ਗਰੀਬ ਕਿਸਾਨਾਂ ਕੋਲੋਂ ਅਕੁਵਾਇਰ ਕੀਤੀ ਗਈ ਸੀ। ਉਸ ਸਮੇਂ 100 ਏਕੜ ਦੇ ਕਰੀਬ ਜ਼ਮੀਨ ’ਚ ਖੰਡ ਮਿੱਲ, ਗੰਨਾ ਫਾਰਮ ਤੇ ਸੀਐੱਮਡੀ ਦੀ ਰਿਹਾਇਸ਼ ਦੇ ਨਾਲ ਕਰਮਚਾਰੀਆਂ ਦੇ ਕੁਆਰਟਰ ਬਣਾਏ ਗਏ ਸਨ। 15 ਹਜ਼ਾਰ ਤੋਂ 18 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਉਸ ਵੇਲੇ ਪੈਸੇ ਮਿਲੇ ਸਨ ਤੇ 20 ਦੇ ਕਰੀਬ ਕਿਸਾਨ ਜ਼ਮੀਨ ਤੋਂ ਵਾਂਝੇ ਹੋ ਗਏ ਸੀ। 1987 ਮਾਰਚ ’ਚ ਮਿੱਲ ਚੱਲ ਪਈ ਤੇ 2006 ਤੱਕ ਚਲਦੀ ਰਹੀ। 2006 ਤੋਂ ਬਾਅਦ ਚਾਰ ਸਰਕਾਰਾਂ ਜਾ ਚੁੱਕੀਆਂ ਹਨ ਅਤੇ ਹਰ ਸਰਕਾਰ ਵੱਲੋਂ ਮਿੱਲ ਨੂੰ ਚਲਾਉਣ ਦਾ ਵਾਅਦਾ ਕੀਤਾ ਗਿਆ, ਪਰ ਮਿੱਲ ਨਹੀਂ ਚੱਲੀ। ਪਰ ਹੁਣ ਭਗਵੰਤ ਮਾਨ ਦੀ ਸਰਕਾਰ ਵੱਲੋਂ ਮਿੱਲ ਦੀ 90 ਏਕੜ ਦੇ ਕਰੀਬ ਜ਼ਮੀਨ ਸਰਕਾਰੀ ਵਿਭਾਗਾਂ ਨੂੰ ਵੰਡ ਦਿੱਤੀ ਗਈ ਹੈ ਤੇ ਮਿੱਲ ਦਾ ਵਜੂਦ ਬਿਲਕੁਲ ਖ਼ਤਮ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੇ ਰੋਸ ’ਚ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮਿੱਲ ਦੀ ਜ਼ਮੀਨ ਬਚਾਉਣ ਲਈ ਮੋਰਚਾ ਸ਼ੁਰੂ ਕੀਤਾ ਗਿਆ ਸੀ। ਪਰ 26 ਫਰਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨੂੰ ਗ੍ਰਿਫਤਾਰ ਕਰਕੇ ਮੋਰਚਾ ਖਦੇੜ ਦਿੱਤਾ ਗਿਆ, ਜੋ ਕਿ ਤਾਨਾਸ਼ਾਹੀ ਵਾਲਾ ਕਾਰਾ ਹੈ। ਆਮ ਕਿਸਾਨਾਂ, ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਦੀ ਮੰਗ ਕਰਦੇ ਕਿਸਾਨਾਂ ਮਜ਼ਦੂਰਾਂ ਦਾ ਸਾਹ ਘੁੱਟਣ ਦੀ ਕਵਾਇਦ ਹੈ। ਇਹ ਤਾਨਾਸ਼ਾਹੀ ਕਾਰੇ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਸੁਖਦੇਵ ਸਿੰਘ ਸ਼ਹਾਬਪੁਰ, ਸੁਖਦੇਵ ਸਿੰਘ ਦੀਨਪੁਰ, ਜਲਵਿੰਦਰ ਸਿੰਘ ਰੈਸ਼ੀਆਣਾ, ਹਰਪ੍ਰੀਤ ਸਿੰਘ ਬੰਗਾਲੀਪੁਰ, ਬਲਜੀਤ ਸਿੰਘ ਬੇਗਮਪੁਰ, ਗੁਰਦਿਆਲ ਸਿੰਘ ਨੌਰੰਗਾਬਾਦ, ਗੁਰਸੇਵਕ ਸਿੰਘ ਅਲਾਵਲਪੁਰ, ਤਜਿੰਦਰ ਸਿੰਘ ਮੁਰਾਦਪੁਰ, ਅੰਗਰੇਜ ਸਿੰਘ ਨੌਰੰਗਾਬਾਦ, ਲਖਵਿੰਦਰ ਸਿੰਘ ਫੌਜੀ ਸ਼ੇਰੋਂ, ਅਮਨਦੀਪ ਸਿੰਘ ਸ਼ੇਰੋਂ, ਸਰਮੁੱਖ ਸਿੰਘ ਸ਼ੇਰੋਂ, ਗੁਰਜੀਤ ਸਿੰਘ ਪੰਡੋਰੀ, ਗਿਆਨਦੀਪ ਸਿੰਘ ਬਾਗੜੀਆਂ, ਸੁਬੇਗ ਸਿੰਘ ਨੰਬਰਦਾਰ ਰਸੂਲਪੁਰ, ਫੁਮਣ ਸਿੰਘ ਬਾਠ, ਹਰਦੀਪ ਸਿੰਘ ਸੰਘੇ, ਤਜਿੰਦਰਪਾਲ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਨੰਬਰਦਾਰ ਸੰਘੇ ਆਦਿ ਆਗੂ ਹਾਜ਼ਰ ਸਨ।