ਰੇਲ ਰੋਕੂ ਅੰਦੋਲਨ ’ਚ ਹਿੱਸਾ ਲੈਣ ਗੋਇੰਦਵਾਲ ਸਾਹਿਬ ਤੋਂ ਕਿਸਾਨ ਹੋਏ ਰਵਾਨਾ
ਅੰਦੋਲਨ ਕਿਸਾਨਾਂ ਦੀ ਮਜਬੂਰੀ ਹੈ ਤੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ
Publish Date: Tue, 24 Mar 2026 04:46 PM (IST)
Updated Date: Wed, 25 Mar 2026 04:01 AM (IST)
ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਗੋਇੰਦਵਾਲ ਤੋਂ ਕਿਸਾਨਾਂ ਦਾ ਜਥਾ ਰੇਲ ਰੋਕੂ ਅੰਦੋਲਨ ’ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਰਵਾਨਾ ਹੋਇਆ। ਜਾਣਕਾਰੀ ਸਾਂਝੀ ਕਰਦਿਆਂ ਇਕਾਈ ਪ੍ਰਧਾਨ ਦਵਿੰਦਰ ਸਿੰਘ ਗਿੱਲ ਤੇ ਗੁਰਅਵਤਾਰ ਸਿੰਘ ਬੱਬੂ ਪਹਿਲਵਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਦੇ ਸੱਦੇ ’ਤੇ ਅੱਜ ਪੰਜਾਬ ’ਚ ਜਗ੍ਹਾ-ਜਗ੍ਹਾ ’ਤੇ ਰੇਲ ਗੱਡੀਆਂ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ’ਚ ਗੋਇੰਦਵਾਲ ਸਾਹਿਬ ਇਕਾਈ ਦੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਹੋ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਨੌਜਵਾਨ, ਬਜ਼ੁਰਗ ਤੇ ਕਿਸਾਨ ਬੀਬੀਆਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਪੱਟੜੀਆਂ ’ਤੇ ਧਰਨੇ ਦੇ ਰਹੇ ਹਨ। ਸਰਕਾਰਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਨਾ ਬੀਜਣ ਲਈ ਦਬਾਅ ਪਾਉਂਦੀਆਂ ਹਨ। ਪ੍ਰੰਤੂ ਜੇਕਰ ਸਾਰੀਆਂ ਫ਼ਸਲਾਂ ਦੀ ਖ਼ਰੀਦ ਐੱਮਐੱਸਪੀ ਯਕੀਨੀ ਹੋਵੇਗੀ ਤਾਂ ਕਿਸਾਨ ਆਪਣੇ-ਆਪ ਹੀ ਝੋਨੇ ਦੇ ਫ਼ਸਲੀ ਚੱਕਰ ’ਚੋਂ ਬਾਹਰ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਦੋਲਨ ਕਿਸਾਨਾਂ ਦੀ ਮਜਬੂਰੀ ਹੈ ਤੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਗੋਇੰਦਵਾਲ ਅੰਦੋਲਨਾਂ ’ਚ ਵੱਧ-ਚੜ੍ਹ ਕੇ ਭਾਗ ਲੈਂਦੀ ਰਹੇਗੀ।
ਇਸ ਮੌਕੇ ਕਿਸਾਨ ਆਗੂ ਪ੍ਰਧਾਨ ਦਵਿੰਦਰ ਸਿੰਘ, ਉਪ ਪ੍ਰਧਾਨ ਬੱਬੂ ਪਹਿਲਵਾਨ, ਹਰਦਿਆਲ ਸਿੰਘ ਕੰਗ, ਮੱਖਣ ਸਿੰਘ, ਕੈਪਟਨ ਅਨੋਖ ਸਿੰਘ ਸਵਿੰਦਰ ਸਿੰਘ ਢੋਟੀ, ਰਣਜੀਤ ਸਿੰਘ, ਪ੍ਰਭਜੀਤ ਸਿੰਘ, ਜੋਗਿੰਦਰ ਲਾਹੋਰੀਆ, ਬਾਬਾ ਸਤਨਾਮ ਸਿੰਘ, ਰਣਜੀਤ ਸਿੰਘ ਖ਼ਾਲਸਾ, ਥਾਣੇਦਾਰ ਹਰਭਜਨ ਸਿੰਘ ਸਰਾਂ, ਇਕਬਾਲ ਸਿੰਘ ਢੋਟੀ ਤੇ ਹੋਰਨਾਂ ਨੇ ਹਾਜ਼ਰੀ ਭਰੀ।