ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਕਰਵਾਇਆ ਰਿਹਾਅ
ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਇੰਨ੍ਹਾਂ ਨਾਲ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਬਹੁਤ ਹੀ ਸ਼ਾਂਤਮਈ ਸੀ, ਉਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਹੱਲਾ ਗੁੱਲਾ ਨਹੀਂ ਸੀ ਕਰਨਾ
Publish Date: Mon, 19 Jan 2026 08:03 PM (IST)
Updated Date: Tue, 20 Jan 2026 04:18 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਮਜੀਠਾ ਹਲਕੇ ਵਿਖੇ 18 ਜਨਵਰੀ ਨੂੰ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਵਿਚ ਜਾ ਕੇ ਉਨ੍ਹਾਂ ਨਾਲ ਸਵਾਲ ਜਵਾਬ ਕਰਨ ਦੀ ਤਿਆਰੀ ਕਰਦੇ ਦੋ ਦਿਨ ਪਹਿਲਾਂ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਨੂੰ ਰਿਹਾ ਕਰਵਾਇਆ ਗਿਆ ਹੈ। ਤਰਨਤਾਰਨ ਜ਼ਿਲ੍ਹੇ ਦੇ ਇਨ੍ਹਾਂ ਕਿਸਾਨ ਆਗੂਆਂ ਨੂੰ ਦੋ ਦਿਨਾਂ ਤੋਂ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੂੰ ਤਰਨਤਾਰਨ ਦੇ ਥਾਣਾ ਸਿਟੀ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਛਡਾਉਣ ਲਈ ਸੋਮਵਾਰ ਨੂੰ ਵੱਡੀ ਪੱਧਰ ’ਤੇ ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਈ ਹੇਠ ਪੁੱਜੇ ਤੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕਰਵਾਇਆ । ਇਸ ਮੌਕੇ ਗੱਲਬਾਤ ਕਰਦਿਆਂ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਅਨੇਕਾਂ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਵਿਚ ਜਾਣੋ ਰੋਕਣ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ। ਕਿਉਂਕਿ ਇਹ ਕਿਸਾਨ ਮਜੀਠਾ ਹਲਕੇ ਵਿਚ ਹੋਣ ਵਾਲੀ ਮੁੱਖ ਮੰਤਰੀ ਦੀ ਰੈਲੀ ’ਚ ਪਹੁੰਚਣ ਦਾ ਐਲਾਨ ਕਰ ਚੁੱਕੇ ਸਨ ਅਤੇ ਇਸਦੀਆਂ ਤਿਆਰੀਆਂ ਵੀ ਕਰ ਰਹੇ ਸੀ। ਜਿਸਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਗ੍ਰਿਫਤਾਰ ਕਰ ਲਿਆ।ਉਨ੍ਹਾਂ ਕਿਹਾ ਕਿ ਅੱਜ ਗ੍ਰਿਫਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾ ਕੇ ਆਪਣੇ ਘਰਾਂ ਨੂੰ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਇੰਨ੍ਹਾਂ ਨਾਲ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਬਹੁਤ ਹੀ ਸ਼ਾਂਤਮਈ ਸੀ, ਉਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਹੱਲਾ ਗੁੱਲਾ ਨਹੀਂ ਸੀ ਕਰਨਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਮੰਨੀਆਂ ਹੋਈਆਂ ਮੰਗਾਂ ਦੇ ਸਵਾਲ ਜ਼ਰੂਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਜਰਨੈਲ ਸਿੰਘ ਨੂਰਦੀ, ਨਿਰੰਜਨ ਸਿੰਘ ਬਗਰਾੜੀ, ਦਿਲਬਾਗ ਸਿੰਘ ਪਹੂਵਿੰਡ, ਨਾਜਰ ਸਿੰਘ ਅਤੇ ਰਣਧੀਰ ਸਿੰਘ ਕੰਬੋ ਢਾਏ ਵਾਲਾ ਨੂੰ ਵੱਖ-ਵੱਖ ਥਾਣਿਆਂ ’ਚੋਂ ਰਿਹਾਅ ਕਰਵਾ ਕੇ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ ਅਤੇ ਵੱਡੀ ਤਾਦਾਦ ਵਿਚ ਕਿਸਾਨ ਇਨ੍ਹਾਂ ਆਗੂਆਂ ਦਾ ਸਵਾਗਤ ਕਰਨ ਲਈ ਪੁੱਜੇ ਸਨ।