ਬਾਕੀਪੁਰ ‘ਚ ਕਿਸਾਨ ਮਜ਼ਦੂਰ ਜਥੇਬੰਦੀ ਅੱਜ ਦੇਵੇਗੀ ਸ਼ਹੀਦਾਂ ਨੂੰ ਸ਼ਰਧਾਂਜਲੀ
ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ’ਤੇ ਵੱਡੇ ਜ਼ੁਲਮ ਢਾਹੇ ਹਨ।
Publish Date: Sat, 28 Mar 2026 04:22 PM (IST)
Updated Date: Sun, 29 Mar 2026 04:03 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : 29 ਮਾਰਚ ਨੂੰ ਅੰਗਰੇਜ਼ ਸਿੰਘ ਬਾਕੀਪੁਰ ਤੇ ਅੰਦੋਲਨਾਂ ਦੌਰਾਨ ਫ਼ੌਤ ਹੋਏ ਸਾਰੇ ਸਾਥੀਆਂ ਦਾ ਦਿਹਾੜਾ ਮਨਾਇਆ ਜਾਏਗਾ। ਇਹ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਬਾਕੀਪੁਰ ਵਿਖੇ ਅੰਗਰੇਜ਼ ਸਿੰਘ ਬਾਕੀਪੁਰ ਦੀ ਸਮਾਧ ’ਤੇ 29 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਦਿਹਾੜਾ ਮਨਾਇਆ ਜਾਏਗਾ। ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ’ਤੇ ਵੱਡੇ ਜ਼ੁਲਮ ਢਾਹੇ ਹਨ। ਸਰਕਾਰਾਂ ਨੇ ਅੰਦੋਲਨ ਨੂੰ ਕੁਚਲਣ ਲਈ ਵੱਡੇ-ਵੱਡੇ ਹੱਥਕੰਡੇ ਅਪਣਾਏ ਹਨ। ਉਨ੍ਹਾਂ ਅੱਗੇ ਕਿਹਾ ਜੇਕਰ ਅੱਜ ਥੋੜ੍ਹਾ ਬਹੁਤਾ ਲੋਕਤੰਤਰ ਜ਼ਿੰਦਾ ਹੈ, ਉਹ ਸ਼ਹੀਦਾਂ ਦੀਆਂ ਸ਼ਹਾਦਤਾਂ ਕਰ ਕੇ ਹੀ ਜ਼ਿੰਦਾ ਹੈ। ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਲਗਭਗ 700 ਤੋਂ ਉੱਪਰ ਕਿਸਾਨਾਂ ਨੇ ਜਾਨਾਂ ਦਿੱਤੀਆਂ ਹਨ। ਉੱਥੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਅੰਦੋਲਨ 2 ’ਚ ਵੀ ਸੈਂਕੜੇ ਸਾਥੀ ਫ਼ੌਤ ਹੋਏ ਹਨ। ਉੱਥੇ ਹੀ ਦੂਜੇ ਪਾਸੇ ਦਿੱਲੀ ਅੰਦੋਲਨ 2 ਤੋਂ ਬਾਅਦ ’ਚ ਕਿਸਾਨ ਜਥੇਬੰਦੀਆਂ ਵੱਲੋਂ ਹੱਕ ਸੱਚ ਦੀ ਲੜਾਈ ਲਈ ਕਈ ਮੋਰਚੇ ਲਾਏ ਗਏ, ਜਿੱਥੇ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਨੂੰ ਦਬਾਉਣ ਲਈ ਅਨੇਕਾਂ ਵਾਰ ਕਿਸਾਨਾਂ ਨੂੰ ਜ਼ੇਲ੍ਹਾਂ ’ਚ ਸੁੱਟਿਆ ਤੇ ਕਈ ਲਾਠੀਚਾਰਜ ਕਰਵਾਏ। ਜਿਸ ’ਚ ਸੈਂਕੜੇ ਕਿਸਾਨ ਜ਼ਖ਼ਮੀ ਹੋਏ ਅੱਗੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਜਾਇਆ ਨਹੀਂ ਜਾਣ ਦੇਵਾਂਗੇ। ਅਸੀਂ ਇਨ੍ਹਾਂ ਸ਼ਹੀਦਾਂ ਦੇ ਨਕਸ਼ੇ ਕਦਮ ’ਤੇ ਚੱਲਦੇ ਹੋਏ ਹੱਕ ਸੱਚ ਦੀ ਲੜਾਈ-ਲੜਦੇ ਰਹਾਂਗੇ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਮੋਦੀ ਦੀ ਭਾਜਪਾ ਸਰਕਾਰ ਹੋਵੇ ਭਾਵੇਂ ਪੰਜਾਬ ’ਚ ਭਗਵੰਤ ਮਾਨ ਦੀ ‘ਆਪ’ ਸਰਕਾਰ ਇਨ੍ਹਾਂ ਦਾ ਟਿੱਲੇ ਦਾ ਜ਼ੋਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ’ਚ ਲੱਗਿਆ ਹੋਇਆ ਹੈ। ਸਰਕਾਰ ਨਵੇਂ-ਨਵੇਂ ਕਾਨੂੰਨ ਲਿਆ ਕਿ ਜਿਵੇਂ ਬਿਜਲੀ ਸੋਧ ਬਿੱਲ, ਭੂਮੀ ਐਕਟ, ਬੀਜ ਐਕਟ, ਖੇਤੀਬਾੜੀ ਨਾਲ ਸਬੰਧਤ ਐਕਟ ਲਿਆ ਕਿ ਸਾਰੇ ਖੇਤਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ’ਚ ਸਰਕਾਰ ਦੇ ਇਸ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੀ ਵੀ ਜਾਇਆ ਨਹੀਂ ਜਾਣ ਦੇਵਾਂਗੇ। 29 ਮਾਰਚ ਨੂੰ ਪਿੰਡ ਬਾਕੀਪੁਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਹਿਲੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਦੀ ਸਮਾਧ ’ਤੇ ਵੱਡੇ ਪੱਧਰ ’ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਬਰਸੀ ਨੂੰ ਮਨਾਇਆ ਜਾਵੇਗਾ।